ਸੁਪਰੀਮ ਕੋਰਟ ਪੁੱਜਾ ‘ਭਾਰਤ ਸਮਿਟ’ ’ਚ ਵਿਵਾਦਿਤ ਨਾਅਰਾ ਲਗਾਉਣ ਦਾ ਮਾਮਲਾ
Thursday, Nov 19, 2026 - 03:24 PM (IST)
ਨਵੀਂ ਦਿੱਲੀ- ਤੇਲੰਗਾਨਾ ਦੀ ਕਾਂਗਰਸ ਸਰਕਾਰ ਵੱਲੋਂ ਆਯੋਜਿਤ ‘ਭਾਰਤ ਸਮਿਟ 2026’ 'ਚ ਇਟਲੀ ਦੇ ਆਗੂ ਜਿਆਕੋਮੋ ਫਿਲਬੇਕ ਦੇ ਭਾਰਤ ਦੀ ਅੰਦਰੂਨੀ ਸਿਆਸਤ ਵਿਚ ਦਖ਼ਲ ਦੇਣ ਅਤੇ ‘ਵੋਟ ਚੋਰ ਗੱਦੀ ਛੋੜ’ ਵਰਗਾ ਵਿਵਾਦਿਤ ਸਿਆਸੀ ਨਾਅਰਾ ਲਗਾਏ ਜਾਣ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ।
ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਇਸ ਮਾਮਲੇ ਦਾ ਜ਼ਿਕਰ ਕਰਦਿਆਂ ਸੋਸ਼ਲ ਮੀਡੀਆ ਤੋਂ ਵਿਵਾਦਿਤ ਨਾਅਰੇ ਦਾ ਵੀਡੀਓ ਹਟਾਉਣ ਦੀ ਮੰਗ ’ਤੇ ਜਲਦ ਸੁਣਵਾਈ ਦੀ ਅਪੀਲ ਕੀਤੀ ਗਈ। ਅਦਾਲਤ ਨੇ ਮਾਮਲੇ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਦੀ ਸਹਿਮਤੀ ਪ੍ਰਗਟਾਈ।
ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਸਰਕਾਰ ’ਤੇ ਚੋਣ ਪ੍ਰਕਿਰਿਆ ਵਿਚ ਬੇਨਿਯਮੀਆਂ ਦਾ ਦੋਸ਼ ਲਗਾਉਂਦਿਆਂ ਸਰਕਾਰ ਵਿਰੁੱਧ ‘ਵੋਟ ਚੋਰ ਗੱਦੀ ਛੱਡ’ ਦਾ ਨਾਅਰਾ ਲਗਾਉਂਦੀਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਖ਼ਾਸ ਤੌਰ ’ਤੇ ਸਰਕਾਰ ਵਿਰੁੱਧ ਇਸ ਨਾਅਰੇ ਦੀ ਵਰਤੋਂ ਕਰਦੇ ਹਨ।
ਪਰ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਹੈਦਰਾਬਾਦ ਵਿਖੇ ਆਯੋਜਿਤ ‘ਭਾਰਤ ਸਮਿਟ’ ਪ੍ਰੋਗਰਾਮ ਵਿਚ ਇਟਲੀ ਦੇ ਵਿਰੋਧੀ ਧਿਰ ਦੇ ਆਗੂ ਜਿਆਕੋਮੋ ਫਿਲਬੇਕ ਵੱਲੋਂ ਇਹ ਨਾਅਰਾ ਲਗਾਏ ਜਾਣ ਤੋਂ ਬਾਅਦ ਭਾਰਤ ਦੀ ਅੰਦਰੂਨੀ ਸਿਆਸਤ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਭਾਜਪਾ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਇਸ ਮਾਮਲੇ ਵਿਚ ਇਕ ਪਟੀਸ਼ਨ ਦਾਖ਼ਲ ਹੋਈ ਹੈ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਇਸ ਨਾਅਰੇ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਏ ਜਾਣ।
