ਜਾਣੋ ਮਹਾਸ਼ਯ ਧਰਮਪਾਲ ਦਾ ਫ਼ਰਸ਼ ਤੋਂ ਅਰਸ਼ ਤੱਕ ਦੇ ਸਫ਼ਰ ਦੀ ਕਹਾਣੀ ਅਤੇ ਲੰਬੀ ਉਮਰ ਦਾ ਰਾਜ਼

12/03/2020 5:54:26 PM

ਨਵੀਂ ਦਿੱਲੀ — ਐਮਡੀਐਚ ਸਮੂਹ ਦੇ ਮਾਲਕ ਮਹਾਸ਼ਯ ਧਰਮਪਾਲ ਗੁਲਾਟੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮਾਤਾ ਚੰਨਣ ਦੇਵੀ ਹਸਪਤਾਲ ਵਿਖੇ ਆਖਰੀ ਸਾਹ ਲਿਆ। 97 ਸਾਲਾ ਮਹਾਸ਼ਯ ਧਰਮਪਾਲ ਬੀਮਾਰੀ ਕਾਰਨ ਪਿਛਲੇ ਕਈ ਦਿਨਾਂ ਤੋਂ ਮਾਤਾ ਚੰਨਣ ਹਸਪਤਾਲ ਵਿਚ ਦਾਖਲ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਹਾਸ਼ਾਯ ਧਰਮਪਾਲ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ।

ਸਾਲ 2016 ਵਿਚ ਮਹਾਸ਼ਯ ਨੂੰ 21 ਕਰੋੜ ਰੁਪਏ ਤੋਂ ਜ਼ਿਆਦਾ ਦੀ ਤਨਖਾਹ ਮਿਲੀ ਸੀ, ਜਿਹੜੀ ਕਿ ਗੋਦਰੇਜ ਕੰਜ਼ਿਊਮਰ ਦੇ ਆਦਿ ਗੋਦਰੇਜ ਅਤੇ ਵਿਵੇਕ ਗੰਭੀਰ, ਹਿੰਦੁਸਤਾਨ ਯੂਨੀਲੀਵਰ ਦੇ ਸੰਜੀਵ ਮਹਿਤਾ ਅਤੇ ਆਈ.ਟੀ.ਸੀ. ਦੇ ਵਾਈ ਸੀ ਦੇਵੇਸ਼ਵਰ ਤੋਂ ਵੀ ਜ਼ਿਆਦਾ ਸੀ। ਮਹਾਸ਼ੀਅਨ ਦੀ ਹੱਟੀ ਦੀ ਸਥਾਪਨਾ 1919 ਵਿਚ ਪਾਕਿਸਤਾਨ ਦੇ ਸਿਆਲਕੋਟ ਵਿਚ ਹੋਈ ਸੀ। ਅੱਜ ਇਸ ਦੀਆਂ 15 ਫੈਕਟਰੀਆਂ ਹਨ ਜੋ ਦੇਸ਼ ਭਰ ਵਿਚ 1000 ਤੋਂ ਵੱਧ ਡੀਲਰਾਂ ਨੂੰ ਆਪਣੇ ਉਤਪਾਦਾਂ ਦੀ ਸਪਲਾਈ ਕਰਦੀਆਂ ਹਨ। ਕੰਪਨੀ ਦੇ ਦਫਤਰ ਦੁਬਈ ਅਤੇ ਲੰਡਨ ਵਿਚ ਵੀ ਦਫਤਰ ਹਨ। ਕੰਪਨੀ 60 ਤੋਂ ਵੱਧ ਉਤਪਾਦਾਂ ਦਾ ਨਿਰਮਾਣ ਕਰਦੀ ਹੈ ਅਤੇ 100 ਦੇਸ਼ਾਂ ਨੂੰ ਨਿਰਯਾਤ ਕਰਦੀ ਹੈ।

ਇਹ ਵੀ ਪਡ਼੍ਹੋ : ਤੁਹਾਡੇ ਪਰਿਵਾਰਕ ਮੈਂਬਰ ਵੀ ਕਰ ਸਕਦੇ ਹਨ ਟੈਕਸ ਬਚਾਉਣ 'ਚ ਮਦਦ, ਜਾਣੋ ਕਿਵੇਂ

ਸਿਆਲਕੋਟ 'ਚ ਹੋਇਆ ਜਨਮ

ਧਰਮਪਾਲ ਗੁਲਾਟੀ ਦਾ ਜਨਮ 27 ਮਾਰਚ 1923 ਨੂੰ ਸਿਆਲਕੋਟ, ਪਾਕਿਸਤਾਨ ਵਿਚ ਹੋਇਆ ਸੀ। ਉਸ ਨੂੰ ਪੰਜ ਸਾਲ ਦੀ ਉਮਰ ਵਿਚ ਸਕੂਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦਾ ਸਕੂਲ 'ਚ ਮਨ ਨਹੀਂ ਲੱਗਾ। ਜਿਵੇਂ ਹੀ ਪੜ੍ਹਾਈ ਦੀ ਗੱਲ ਹੁੰਦੀ ਉਹ ਕੋਈ ਨਾ ਕੋਈ ਬਹਾਨੇ ਲੱਭਣੇ ਸ਼ੁਰੂ ਕਰ ਦਿੰਦੇ ਸਨ। ਪੰਜਵੇਂ ਤੱਕ ਪੜਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਕੰਮ ਲਈ ਆਪਣੀ ਮਸਾਲੇ ਦੀ ਦੁਕਾਨ 'ਚ ਲਗਾ ਲਿਆ। ਇਸ ਸਮੇਂ ਦੌਰਾਨ ਤਜ਼ਰਬੇ ਲਈ ਹੋਰ ਵੀ ਬਹੁਤ ਸਾਰੇ ਕੰਮ ਸਿੱਖੇ। ਉਨ੍ਹਾਂ ਦੀ ਦੁਕਾਨ ਬਹੁਤ ਚਲਦੀ ਸੀ। ਉਨ੍ਹਾਂ ਨੇ ਕੁਝ ਦਿਨ ਰੇਹੜੀ 'ਤੇ ਮਹਿੰਦੀ ਵੀ ਵੇਚੀ ਸੀ।

ਦਿੱਲੀ ਵਿਚ ਟਾਂਗਾ ਵੀ ਚਲਾਇਆ

ਦੇਸ਼ ਦੀ ਵੰਡ ਵੇਲੇ ਉਨ੍ਹਾਂ ਨੂੰ ਸਿਆਲਕੋਟ ਛੱਡਣਾ ਪਿਆ ਕਿਉਂਕਿ ਸਾਰਾ ਇਲਾਕਾ ਦੰਗਿਆਂ ਦੀ ਅੱਗ ਵਿਚ ਬੁਰੀ ਤਰ੍ਹਾਂ ਸੜਨ ਲੱਗ ਪਿਆ ਸੀ। ਹਫੜਾ-ਦਫੜੀ ਵਿਚਕਾਰ ਕਿਸੇ ਤਰ੍ਹਾਂ ਅੰਮ੍ਰਿਤਸਰ ਪਹੁੰਚੇ ਅਤੇ ਆਪਣੇ ਇਕ ਆੜ੍ਹਤੀ(ਏਜੰਟ) ਕੋਲ ਪਨਾਹ ਲੈ ਲਈ। ਪਰ ਉਥੇ ਵੀ ਜ਼ਿਆਦਾ ਦੇਰ ਨਹੀਂ ਰੁਕੇ। ਵੱਡੇ ਭਰਾ ਧਰਮਵੀਰ ਅਤੇ ਕੁਝ ਰਿਸ਼ਤੇਦਾਰਾਂ ਨਾਲ ਦਿੱਲੀ ਚਲੇ ਗਏ। ਉਥੇ ਕੋਈ ਕਾਰੋਬਾਰ ਨਹੀਂ ਮਿਲਿਆ, ਤਾਂ ਉਨ੍ਹਾਂ ਨੇ ਟਾਂਗਾ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਪਿਤਾ ਸਮੇਤ ਪੂਰਾ ਪਰਿਵਾਰ ਦਿੱਲੀ ਆ ਗਿਆ। ਟਾਂਗੇ ਦਾ ਕੰਮ ਛੱਡ ਕੇ ਉਨ੍ਹਾਂ ਨੇ ਫਿਰ ਅਜਮਲ ਖਾਨ ਰੋਡ 'ਤੇ ਗੁੜ-ਸ਼ੱਕਰ ਦਾ ਛਾਬਾ ਲਗਾ ਲਿਆ।  ਇਸ ਕੰਮ ਵਿਚ ਵੀ ਮਨ ਨਹੀਂ ਲੱਗਾ। ਮਸਾਲੇ ਦਾ ਪੁਰਾਣਾ ਕਾਰੋਬਾਰ ਵਾਰ-ਵਾਰ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਫਿਰ ਅਜਮਲ ਖਾਨ ਰੋਡ 'ਤੇ ਦਾਲਾਂ, ਤੇਲ ਅਤੇ ਮਸਾਲੇ ਦੀ ਦੁਕਾਨ ਸ਼ੁਰੂ ਕੀਤੀ ਤਜਰਬਾ ਸੀ ਇਸ ਲਈ ਕੰਮ ਚਲ ਪਿਆ।

ਇਹ ਵੀ ਪਡ਼੍ਹੋ : ਕਾਰ ਅਤੇ ਬਾਈਕ ਚਲਾਉਣ ਨਾਲ ਸਬੰਧਤ ਨਿਯਮ ਬਦਲੇ, ਜਾਣਕਾਰੀ ਨਾ ਹੋਣਾ ਪੈ ਸਕਦੈ ਭਾਰੀ

'ਮਹਾਸ਼ੀਯਾਂ ਦੀ ਹੱਟੀ' ਦਾ ਕਾਰੋਬਾਰ

1960 ਵਿਚ ਕੀਰਤੀ ਨਗਰ ਵਿਚ ਇਕ ਫੈਕਟਰੀ ਸਥਾਪਤ ਕੀਤੀ ਅਤੇ ਇਸ ਤਰ੍ਹਾਂ ਲੰਬੇ ਸੰਘਰਸ਼ ਤੋਂ ਬਾਅਦ ਦਿੱਲੀ ਵਿਚ ਇਕ ਮੁਕਾਮ ਹਾਸਲ ਕਰ ਲਿਆ। ਐਮ.ਡੀ.ਐਚ. ਮਸਾਲਿਆਂ ਦੀ ਖੁਸ਼ਬੂ ਪੂਰੇ ਦੇਸ਼ ਵਿਚ ਫੈਲਣੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਦੇ ਮਸਾਲੇ ਹਰ ਘਰ ਵਿਚ ਵਰਤੇ ਜਾਣ ਲੱਗੇ। ਵਰਤਮਾਨ ਵਿਚ ਐਮ.ਡੀ.ਐਚ. ਦੇ 60 ਤੋਂ ਵੱਧ ਉਤਪਾਦ ਬਾਜ਼ਾਰ ਵਿਚ ਹਨ। ਦਿੱਲੀ ਤੋਂ ਇਲਾਵਾ ਗੁਰੂਗਰਾਮ ਅਤੇ ਨਾਗੌਰ ਵਿਚ ਤਿੰਨ-ਤਿੰਨ ਫੈਕਟਰੀਆਂ ਹਨ। ਐਮ.ਡੀ.ਐਚ. ਦੀਆਂ ਦੇਸ਼ ਭਰ ਦੀਆਂ ਏਜੰਸੀਆਂ ਹਨ। ਐਮ.ਡੀ.ਐਚ. ਆਪਣੇ ਦੇਸ਼ ਤੋਂ ਇਲਾਵਾ ਯੂ.ਐਸ., ਕੈਨੇਡਾ, ਯੂਰਪ, ਆਸਟਰੇਲੀਆ, ਜਰਮਨੀ, ਸਵਿਟਜ਼ਰਲੈਂਡ ਆਦਿ ਦੇਸ਼ਾਂ ਨੂੰ ਵੀ ਆਪਣੇ ਮਸਾਲੇ ਸਪਲਾਈ ਕਰਦਾ ਹੈ।

ਸਮਾਜਿਕ ਕਾਰਜਾਂ ਵਿਚ ਰੁਚੀ

ਉਨ੍ਹਾਂ ਦੇ ਘਰ ਛੇ ਧੀਆਂ ਅਤੇ ਦੋ ਪੁੱਤਰ ਪੈਦਾ ਹੋਏ। ਜਦੋਂ ਕਾਰੋਬਾਰ ਉੱਚ ਪੱਧਰ 'ਤੇ ਸਥਾਪਿਤ ਹੋਇਆ ਤਾਂ ਸਮਾਜ ਦੇ ਭਲੇ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਸਤਿਸੰਗ ਵੱਲ ਧਿਆਨ ਦੇਣਾ ਸ਼ੁਰੂ ਕੀਤਾ । ਹਰ ਸ਼ਨੀਵਾਰ ਨੂੰ ਪਰਿਵਾਰ ਸਮੇਤ ਰਿਸ਼ੀਕੇਸ਼ ਜਾਣਾ ਸ਼ੁਰੂ ਕਰ ਦਿੱਤਾ। ਉਥੇ ਜਾ ਕੇ ਉਹ ਭਜਨ ਕੀਰਤਨ ਕਰਨ ਲੱਗੇ। ਇਸ ਤੋਂ ਬਾਅਦ ਜਨਕਪੁਰੀ ਇਲਾਕੇ ਵਿਚ ਆਪਣੀ ਮਾਤਾ ਜੀ ਦੇ ਨਾਮ 'ਤੇ ਇੱਕ ਚੰਨਣ ਦੇਵੀ ਨਾਮ ਨਾਲ ਹਸਪਤਾਲ ਬਣਾਇਆ ਗਿਆ। ਹਸਪਤਾਲ ਤੋਂ ਇਲਾਵਾ ਦਿੱਲੀ ਅਤੇ ਦੇਸ਼ ਵਿਚ ਬਹੁਤ ਸਾਰੇ ਸਕੂਲ, ਆਸ਼ਰਮ, ਗੁਰੂਕੁਲ ਬਣਵਾਏ ਗਏ । ਕਈ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਇਆ। ਇੱਕ ਵਿਸ਼ੇਸ਼ ਰਣਨੀਤੀ ਦੇ ਰੂਪ ਵਿਚ ਵੱਡੀ ਉਮਰ ਦੇ ਬਾਵਜੂਦ ਖੁਦ ਇੱਕ ਬ੍ਰਾਂਡ ਅੰਬੈਸਡਰ ਬਣੇ ਅਤੇ ਆਪਣੇ ਬ੍ਰਾਂਡ ਦਾ ਖ਼ੁਦ ਹੀ ਟੀ.ਵੀ. 'ਤੇ ਪ੍ਰਚਾਰ ਕੀਤਾ। 'ਅਸਲੀ ਮਸਾਲੇ ਸਚ-ਸਚ' ਅਤੇ 'ਇਹੀ ਹੈ ਅਸਲੀ ਭਾਰਤ' ਸੰਵਾਦਾਂ ਨਾਲ ਉਨ੍ਹਾਂ ਨੇ ਮਸਾਲੇ ਦੇ ਪ੍ਰਸਾਰ ਨੂੰ ਵੱਖਰੇ ਢੰਗ ਨਾਲ ਪੇਸ਼ ਕੀਤਾ।

ਇਹ ਵੀ ਪਡ਼੍ਹੋ : ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ

ਲੰਮੀ ਉਮਰ ਦਾ ਰਾਜ਼

ਇਸ ਉਮਰ ਵਿਚ ਵੀ ਉਹ ਰੋਜ਼ ਸਵੇਰੇ 4:45 ਵਜੇ ਉੱਠਦੇ ਸਨ। ਦਹਾਕਿਆਂ ਤੋਂ ਉਹ ਸਵੇਰੇ ਉੱਠਣ ਤੋਂ ਬਾਅਦ ਤਾਂਬੇ ਦੇ ਗਿਲਾਸ ਦਾ ਪਾਣੀ ਅਤੇ ਸ਼ਹਿਦ ਲੈਂਦੇ ਆ ਰਹੇ ਸਨ। ਇਸ ਤੋਂ ਬਾਅਦ ਸਵੇਰੇ 5.25 ਵਜੇ ਪਾਰਕ ਵਿਚ ਪਹੁੰਚ ਕੇ ਸੈਰ, ਕਸਰਤ, ਆਸਣ, ਪ੍ਰਾਣਾਯਾਮ ਆਦਿ ਕਰਦੇ ਸਨ। ਹਲਕਾ ਭੋਜਨ ਕਰਦੇ ਸਨ। ਇੱਕ ਵਾਰ ਫਿਰ ਸ਼ਾਮ ਨੂੰ ਪਾਰਕ ਜਾਣ ਤੋਂ ਬਾਅਦ ਹਲਕੇ ਭੋਜਨ ਲੈਣ ਤੋਂ ਬਾਅਦ 10:30 ਵਜੇ ਤੱਕ ਸੌਂ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਜਵਾਨ ਰਹਿਣਾ ਚਾਹੁੰਦੇ ਹੋ, ਤਾਂ ਤਿੰਨ ਚੀਜ਼ਾਂ ਦਾ ਧਿਆਨ ਰੱਖੋ। ਰੋਜ਼ ਸ਼ੇਵ ਕਰੋ। ਇਕ ਵਾਰ ਦੁੱਧ ਵਿਚ ਮਖਾਣੇ ਪਾ ਕੇ ਜ਼ਰੂਰ ਪੀਓ ਅਤੇ ਜੇਕਰ ਹੋ ਸਕੇ ਤਾਂ ਬਾਦਾਮ ਦੇ ਤੇਲ ਦੀ ਮਾਲਸ਼ ਕਰੋ। ਬੁਢਾਪਾ ਨੇੜੇ ਨਹੀਂ ਆਵੇਗਾ। ਬੈਂਕ ਦਾ ਚੈੱਕ ਭਾਵੇਂ ਪੰਜ ਰੁਪਏ ਦਾ ਹੋਵੇ ਜਾਂ ਪੰਜ ਕਰੋੜ ਰੁਪਏ ਦਾ ਉਹ ਦਸਤਖਤ ਖੁਦ ਹੀ ਕਰਦੇ ਸਨ। ਸਾਰੀ ਖਰੀਦਦਾਰੀ 'ਤੇ ਨਜ਼ਰ ਰੱਖਦੇ ਸਨ। ਉਹ ਮੰਨਦੇ ਸਨ ਕਿ ਜ਼ਿੰਦਗੀ ਵਿਚ ਸਫਲ ਅਤੇ ਤਣਾਅ ਮੁਕਤ ਰਹਿਣ ਲਈ ਸਮਾਜਿਕ ਅਤੇ ਧਾਰਮਿਕ ਹਿੱਸੇਦਾਰੀ ਜ਼ਰੂਰੀ ਹੈ।

ਇਹ ਵੀ ਪਡ਼੍ਹੋ : ਖ਼ੁਸ਼ਖ਼ਬਰੀ! ਹੁਣ ਘਰੋਂ ਵੀ ਆਰਡਰ ਕਰ ਸਕਦੇ ਹੋ ਡੀਜ਼ਲ, ਇਨ੍ਹਾਂ ਸ਼ਹਿਰਾਂ ਵਿਚ ਸ਼ੁਰੂ ਹੋਈ ਹੋਮ ਡਿਲਿਵਰੀ

ਦਿੱਲੀ ਨਾਲ ਸੀ ਖ਼ਾਸ ਲਗਾਅ

ਦਿੱਲੀ ਹਮੇਸ਼ਾਂ ਉਨ੍ਹਾਂ ਦੇ ਦਿਲ ਦੇ ਨੇੜੇ ਰਹਿੰਦੀ ਸੀ। ਉਹ ਕਹਿੰਦੇ ਸਨ, 'ਮੈਂ ਦਿੱਲੀ ਵਿਚ ਲੰਬਾ ਸਮਾਂ ਸੰਘਰਸ਼ ਕੀਤਾ। ਭਾਰੀ ਦੁੱਖਾਂ ਨੂੰ ਸਹਾਰਿਆ, ਲੋਕਾਂ ਦੇ ਧੋਖੇ ਖਾਧੇ ਅਤੇ ਮੁਸੀਬਤਾਂ ਦਾ ਸਾਹਮਣਾ ਵੀ ਕੀਤਾ। ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦਿੱਲੀ ਨੇ ਬਹੁਤ ਕੁਝ ਦਿੱਤਾ ਵੀ ਹੈ। ਪੈਸਾ, ਪ੍ਰਸਿੱਧੀ, ਸਤਿਕਾਰ ਅਤੇ ਆਪਣਾਪਣ ਸਭ ਕੁਝ ਦਿੱਲੀ ਨੇ ਵਿਆਜ ਸਮੇਤ ਵਾਪਸ ਵੀ ਕੀਤਾ। ਸਿਰਫ ਮੈਂ ਹੀ ਨਹੀਂ ਪੂਰੇ ਪਰਿਵਾਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ। ਪੁਰਾਣੀ ਦਿੱਲੀ ਵਿਚ ਬਿਤਾਇਆ ਸਮਾਂ ਦਿਮਾਗ 'ਚ ਤਾਜ਼ਾ ਹੈ। ਇਥੋਂ ਦੇ ਲੋਕ, ਸਭਿਆਚਾਰ ਅਤੇ ਭਾਸ਼ਾ ਹਰ ਕਿਸੇ ਨੇ ਮੈਨੂੰ ਸਾਲਾਂ ਤੋਂ ਬੰਨ੍ਹ ਕੇ ਰੱਖਿਆ ਹੈ। ਬਹੁਤ ਸਾਰੇ ਲੋਕ ਜੋ ਦਿੱਲੀ ਪਹੁੰਚੇ ਹਨ ਉਹ ਦਿੱਲੀ ਛੱਡ ਕੇ ਐਨ.ਸੀ.ਆਰ. ਵਿਚ ਸੈਟਲ ਹੋ ਗਏ ਹਨ। ਪਰ ਸਾਡਾ ਪੂਰਾ ਪਰਿਵਾਰ ਅਜੇ ਵੀ ਦਿੱਲੀ ਵਿੱਚ ਹੀ ਰਹਿੰਦਾ ਹੈ।'

ਨੋਟ : MDH ਦੇ ਮਾਲਕ ਧਰਮਪਾਲ ਗੁਲਾਟੀ ਦੇ ਜੀਵਨ ਦੇ ਸੰਘਰਸ਼ ਭਰੇ ਜੀਵਨ ਤੋਂ ਉੱਚੇ ਮੁਕਾਮ ਤੱਕ ਦੀ ਕਹਾਣੀ ਜਾਣ ਕੇ ਤੁਹਾਨੂੰ ਕਿਵੇਂ ਲੱਗਾ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ।


Harinder Kaur

Content Editor

Related News