ਚੜ੍ਹਦੀ ਸਵੇਰ ਵਾਪਰਿਆ ਰੂਹ ਕੰਬਾਊ ਹਾਦਸਾ : 10 ਸ਼ਰਧਾਲੂਆਂ ਦੀ ਮੌਤ, ਪਿਕਅੱਪ ਗੱਡੀ ਦੇ ਉੱਡੇ ਪਰਖੱਚੇ
Wednesday, Aug 13, 2025 - 07:35 AM (IST)

ਨੈਸ਼ਨਲ ਡੈਸਕ : ਇਸ ਸਮੇਂ ਰਾਜਸਥਾਨ ਦੇ ਦੌਸਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਦੌਸਾ ਵਿਚ ਸ਼ਰਧਾਲੂਆਂ ਨਾਲ ਭਰੀ ਇੱਕ ਗੱਡੀ ਦੀ ਟਰੱਕ ਨਾਲ ਜ਼ੋਰਦਾਰ ਟਕਰ ਹੋ ਗਈ, ਜਿਸ ਵਿਚ ਘੱਟੋ-ਘੱਟ ਦਸ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚੋਂ ਸੱਤ ਬੱਚੇ ਵੀ ਸ਼ਾਮਲ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਗੱਡੀ ਦੇ ਪਰਖੱਚੇ ਉੱਡ ਗਏ। ਇਸ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਹਫ਼ੜਾ-ਦਫ਼ੜੀ ਮਚ ਗਈ।
ਦੱਸ ਦੇਈਏ ਕਿ ਜਦੋਂ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸ਼ਰਧਾਲੂ ਖਾਟੂ ਸ਼ਿਆਮ ਮੰਦਰ ਦੇ ਦਰਸ਼ਨ ਕਰਕੇ ਤੋਂ ਵਾਪਸ ਆ ਰਹੇ ਸਨ। ਸ਼ਰਧਾਲੂ ਇੱਕ ਪਿਕਅੱਪ ਗੱਡੀ ਵਿਚ ਸਵਾਰ ਹੋ ਕੇ ਯਾਤਰਾ ਕਰ ਰਹੇ ਸਨ। ਰਾਸਤੇ ਵਿਚ ਅਚਾਨਕ ਉਸ ਦੀ ਇਕ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ 7 ਬੱਚਿਆਂ ਸਣੇ 10 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਣ ਦਾ ਖ਼ਦਸ਼ਾ ਹੈ। ਮ੍ਰਿਤਕਾਂ ਵਿਚ 3 ਔਰਤਾਂ ਸ਼ਾਮਲ ਹਨ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਹਸਪਤਾਲ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ।