ਕਸ਼ਮੀਰ ''ਚ ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਪ੍ਰਦਰਸ਼ਨ ਬੰਦ ਕਰਨ ਤੋਂ ਕੀਤੀ ਨਾਂਹ

Tuesday, Apr 24, 2018 - 10:29 AM (IST)

ਕਸ਼ਮੀਰ ''ਚ ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਪ੍ਰਦਰਸ਼ਨ ਬੰਦ ਕਰਨ ਤੋਂ ਕੀਤੀ ਨਾਂਹ

ਸ਼੍ਰੀਨਗਰ (ਮਜੀਦ)— ਜੰਮੂ-ਕਸ਼ਮੀਰ ਦੇ ਸਿੱਖਿਆ ਮੰਤਰੀ ਸੈਯਦ ਮੁਹੰਮਦ ਅਲਤਾਫ ਬੁਖਾਰੀ ਨੇ ਵਿਦਿਆਰਥੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਵਿਦਿਆਰਥੀ ਆਪਣਾ ਵਿਰੋਧ ਪ੍ਰਦਰਸ਼ਨ ਬੰਦ ਨਹੀਂ ਕਰਦੇ ਹਨ ਅਤੇ ਜਮਾਤਾਂ ਵਿਚ ਨਹੀਂ ਪਰਤਦੇ ਹਨ ਤਾਂ ਉਹ ਉਨ੍ਹਾਂ ਖਿਲਾਫ ਸਖਤ ਕਦਮ ਚੁੱਕਣਗੇ। ਇਸੇ ਵਿਚਾਲੇ ਵਿਦਿਆਰਥੀ ਕਠੂਆ ਵਿਚ ਬੱਚੀ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਵਿਰੋਧ ਵਿਚ ਸੋਮਵਾਰ ਨੂੰ ਵੀ ਪ੍ਰਦਰਸ਼ਨ ਕਰਦੇ ਰਹੇ।
ਵਿਦਿਆਰਥੀਆਂ ਨੇ ਸਰਕਾਰ ਦੀ ਚਿਤਾਵਨੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਦੱਖਣੀ ਕਸ਼ਮੀਰ ਵਿਚ ਸ਼ੋਪੀਆਂ ਅਤੇ ਪੁਲਵਾਮਾ ਵਿਚ ਪ੍ਰਦਰਸ਼ਨਕਾਰੀਆਂ ਵਲੋਂ ਫੌਜ ਦੇ ਜਵਾਨਾਂ 'ਤੇ ਪੱਥਰਬਾਜ਼ੀ ਕਰਨ ਤੋਂ ਬਾਅਦ ਝੜਪ ਸ਼ੁਰੂ ਹੋ ਗਈ। ਵਿਰੋਧ ਕਰ ਰਹੇ ਨੌਜਵਾਨਾਂ ਨੇ ਸ਼ੋਪੀਆਂ ਦੇ ਪਿੰਜੁਰਾ ਪਿੰਡ ਵਿਚ ਫੌਜੀ ਵਾਹਨ ਦੇ ਅੰਦਰ ਬੈਠੇ ਜਵਾਨਾਂ ਨੂੰ ਪੱਥਰ ਮਾਰੇ, ਜਿਸ ਨਾਲ ਭੀੜ ਤਿੱਤਰ-ਬਿੱਤਰ ਕਰਨ ਲਈ ਜਵਾਨਾਂ ਨੂੰ ਹਵਾ 'ਚ ਫਾਇਰਿੰਗ ਕਰਨੀ ਪਈ। ਪੁਲਵਾਮਾ ਦੇ ਮੁਰਰਨ ਪਿੰਡ 'ਚ ਵੀ ਪ੍ਰਦਰਸ਼ਨਕਾਰੀਆਂ ਨੇ ਫੌਜ ਦੀ ਇਕ ਟੀਮ ਨੂੰ ਪੱਥਰਾਂ ਨਾਲ ਨਿਸ਼ਾਨਾ ਬਣਾਇਆ। ਇਸੇ ਦਰਮਿਆਨ ਪੁਲਸ ਨੇ ਪੱਥਰਬਾਜ਼ੀ ਕਰਨ ਵਾਲੇ 70 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ। ਉਥੇ ਹੀ ਵਿਦਿਆਰਥਣਾਂ ਦੇ ਪ੍ਰਦਰਸ਼ਨ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਹੈ।


Related News