ਭਾਗਵਤ ਦੇ ਬਿਆਨ ਦੇ ਬਾਵਜੂਦ ਭਾਜਪਾ PM ਮੋਦੀ ਦੀ ਅਗਵਾਈ ’ਚ ਲੜੇਗੀ 2029 ਦੀ ਚੋਣ

Sunday, Jul 13, 2025 - 12:47 AM (IST)

ਭਾਗਵਤ ਦੇ ਬਿਆਨ ਦੇ ਬਾਵਜੂਦ ਭਾਜਪਾ PM ਮੋਦੀ ਦੀ ਅਗਵਾਈ ’ਚ ਲੜੇਗੀ 2029 ਦੀ ਚੋਣ

ਨੈਸ਼ਨਲ ਡੈਸਕ- ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਇਕ ਸਮਾਗਮ ਵਿਚ ਦਿੱਤੇ ਗਏ ‘75 ਸਾਲ ਦੀ ਉਮਰ ਵਿਚ ਸੰਨਿਆਸ’ ਵਾਲੇ ਬਿਆਨ ਨੇ ਸਿਆਸੀ ਵਿਵਾਦ ਪੈਦਾ ਕਰ ਦਿੱਤਾ ਹੈ ਕਿਉਂਕਿ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜਿਆ ਗਿਆ ਸੀ। ਹਾਲਾਂਕਿ ਆਰ. ਐੱਸ. ਐੱਸ. ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਆਰ. ਐੱਸ. ਐੱਸ. ਦੇ ਮੁਖੀ ਦੇ ਬਿਆਨ ਨੂੰ ‘ਸੰਦਰਭ’ ਤੋਂ ਪਰ੍ਹੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਇੱਥੋਂ ਤਕ ਕਿ ਭਾਜਪਾ ਵੀ ਇਸ ਤੋਂ ਅਣਛੋਹ ਹੈ।

ਭਾਗਵਤ ਬੁੱਧਵਾਰ ਨੂੰ ਇਕ ਪੁਸਤਕ ਰਿਲੀਜ਼ਿੰਗ ਸਮਾਗਮ ਵਿਚ ਬੋਲ ਰਹੇ ਸਨ ਜਿੱਥੇ ਉਨ੍ਹਾਂ ਸਵਰਗੀ ਆਰ. ਐੱਸ. ਐੱਸ. ਵਿਚਾਰਕ ਮੋਰੋਪੰਤ ਪਿੰਗਲੇ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ,‘‘ਜਦੋਂ ਤੁਸੀਂ 75 ਸਾਲ ਦੇ ਹੋ ਜਾਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਹੁਣ ਰੁਕ ਜਾਣਾ ਚਾਹੀਦਾ ਹੈ ਅਤੇ ਦੂਜਿਆਂ ਲਈ ਰਸਤਾ ਬਣਾਉਣਾ ਚਾਹੀਦਾ ਹੈ।’’

ਉਨ੍ਹਾਂ ਆਪਣੇ ਸ਼ਬਦਾਂ ਨੂੰ ਯਾਦ ਕਰਦੇ ਹੋਏ ਕਿਹਾ,‘‘ਪਿੰਗਲੇ ਨੇ ਇਕ ਵਾਰ ਕਿਹਾ ਸੀ ਕਿ ਜੇ 75 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਸ਼ਾਲ ਨਾਲ ਸਨਮਾਨਤ ਕੀਤਾ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਹੁਣ ਰੁਕ ਜਾਣਾ ਚਾਹੀਦਾ ਹੈ, ਤੁਸੀਂ ਬੁੱਢੇ ਹੋ ਗਏ ਹੋ, ਇਕ ਪਾਸੇ ਹਟ ਜਾਓ ਅਤੇ ਦੂਜਿਆਂ ਨੂੰ ਆਉਣ ਦਿਓ।’’

ਭਾਗਵਤ ਦੇ ਬਿਆਨ ਦੇ ਸਮੇਂ ਨੇ ਧਿਆਨ ਖਿੱਚਿਆ ਹੈ ਕਿਉਂਕਿ ਉਨ੍ਹਾਂ ਦਾ ਤੇ ਮੋਦੀ ਦੋਵਾਂ ਦਾ ਜਨਮ ਸਤੰਬਰ, 1950 ’ਚ ਹੋਇਆ ਸੀ ਅਤੇ ਦੋਵਾਂ ਨੇ ਹੁਣ ਤਕ 75 ਸਾਲ ਦੀ ਉਮਰ ਦੇ ਹੋਣ ਤੋਂ ਬਾਅਦ ਆਪਣੀਆਂ ਯੋਜਨਾਵਾਂ ਬਾਰੇ ਕਦੇ ਸੰਕੇਤ ਨਹੀਂ ਦਿੱਤਾ ਪਰ ਸੰਜੇ ਰਾਊਤ (ਸ਼ਿਵ ਸੈਨਾ ਯੂ. ਬੀ. ਟੀ.), ਅਭਿਸ਼ੇਕ ਮਨੂ ਸਿੰਘਵੀ, ਜੈਰਾਮ ਰਮੇਸ਼ ਤੇ ਹੋਰ ਕਈ ਸਿਆਸੀ ਨੇਤਾਵਾਂ ਨੇ ਇਸ ਦਾ ਮਜ਼ਾਕ ਉਡਾਇਆ। ਉਨ੍ਹਾਂ ਵਿਚੋਂ ਕਈਆਂ ਨੇ ਮਹਿਸੂਸ ਕੀਤਾ ਕਿ ਭਾਗਵਤ ਦੀ ਸੇਵਾਮੁਕਤੀ ਸਬੰਧੀ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਅਪ੍ਰਤੱਖ ਸੁਨੇਹਾ ਸੀ ਕਿਉਂਕਿ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਜਸਵੰਤ ਸਿੰਘ ਵਰਗੇ ਨੇਤਾ 75 ਸਾਲ ਦੀ ਉਮਰ ਤੋਂ ਬਾਅਦ ਸੇਵਾਮੁਕਤ ਹੋ ਗਏ ਸਨ।

ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਹੋਰ ਚੋਟੀ ਦੇ ਨੇਤਾਵਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਜਪਾ 2029 ਦੀ ਲੋਕ ਸਭਾ ਚੋਣ ਮੋਦੀ ਦੀ ਅਗਵਾਈ ’ਚ ਲੜੇਗੀ। ਸੰਜੋਗ ਨਾਲ ਇਹ ਘਟਨਾਚੱਕਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਗੁਜਰਾਤ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਰਕਰਾਂ ਤੇ ਔਰਤਾਂ ਨਾਲ ਗੱਲਬਾਤ ਦੌਰਾਨ ਸੇਵਾਮੁਕਤੀ ਤੋਂ ਬਾਅਦ ਆਪਣਾ ਬਾਕੀ ਜੀਵਨ ‘ਵੇਦਾਂ, ਉਪਨਿਸ਼ਦਾਂ ਤੇ ਕੁਦਰਤੀ ਖੇਤੀ’ ਨੂੰ ਸਮਰਪਿਤ ਕਰਨ ਦੇ ਆਪਣੇ ਫੈਸਲੇ ਤੋਂ ਬਾਅਦ ਆਇਆ ਹੈ।


author

Rakesh

Content Editor

Related News