ਸੰਘਣੀ ਧੁੰਦ ਦਾ ਕਹਿਰ; 47 ਟਰੇਨਾਂ ਲੇਟ
Saturday, Jan 18, 2025 - 12:25 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦੇ ਕੁਝ ਬਾਹਰੀ ਇਲਾਕਿਆਂ ਵਿਚ ਸ਼ਨੀਵਾਰ ਨੂੰ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਹੋ ਗਈ ਅਤੇ 47 ਟਰੇਨਾਂ ਲੇਟ ਚੱਲ ਰਹੀਆਂ ਹਨ। ਭਾਰਤ ਮੌਸਮ ਵਿਭਾਗ (IMD) ਮੁਤਾਬਕ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ 2.6 ਡਿਗਰੀ ਵੱਧ ਹੈ। IMD ਨੇ ਦਿਨ 'ਚ ਬੱਦਲ ਛਾਏ ਰਹਿਣ ਅਤੇ ਵੱਧ ਤੋਂ ਵੱਧ ਤਾਪਮਾਨ ਕਰੀਬ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
ਭਾਰਤੀ ਰੇਲਵੇ ਮੁਤਾਬਕ ਦਿੱਲੀ ਵਿਚ ਧੁੰਦ ਕਾਰਨ ਸਵੇਰੇ 6 ਵਜੇ ਤੱਕ 47 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ 247 ਰਿਹਾ, ਜੋ ਖਰਾਬ ਸ਼੍ਰੇਣੀ ਵਿਚ ਆਉਂਦਾ ਹੈ। ਦੱਸ ਦੇਈਏ ਕਿ ਜ਼ੀਰੋ ਅਤੇ 50 ਦੇ ਵਿਚਕਾਰ ਏਅਰ AQI ਨੂੰ ਚੰਗਾ ਮੰਨਿਆ ਜਾਂਦਾ ਹੈ, 51 ਅਤੇ 100 ਵਿਚਕਾਰ ਸੰਤੋਖਜਨਕ, 101 ਅਤੇ 200 ਵਿਚਕਾਰ ਦਰਮਿਆਨਾ, 201 ਅਤੇ 300 ਵਿਚਕਾਰ ਮਾੜਾ, 301 ਅਤੇ 400 ਵਿਚਕਾਰ ਬਹੁਤ ਮਾੜਾ ਅਤੇ 401 ਅਤੇ 500 ਵਿਚਕਾਰ AQI ਗੰਭੀਰ ਮੰਨਿਆ ਜਾਂਦਾ ਹੈ।