ਪਿਛਲੇ 12 ਸਾਲਾਂ ’ਚ ਲੋਕਰਾਜੀ ਢਾਂਚੇ ਨੂੰ ਭਾਰੀ ਨੁਕਸਾਨ ਪੁੱਜਾ: ਸੋਨੀਆ ਗਾਂਧੀ

Sunday, Nov 08, 2026 - 05:34 AM (IST)

ਪਿਛਲੇ 12 ਸਾਲਾਂ ’ਚ ਲੋਕਰਾਜੀ ਢਾਂਚੇ ਨੂੰ ਭਾਰੀ ਨੁਕਸਾਨ ਪੁੱਜਾ: ਸੋਨੀਆ ਗਾਂਧੀ

ਨਵੀਂ ਦਿੱਲੀ (ਏਜੰਸੀ) - ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਦੋਸ਼ ਲਾਇਆ ਹੈ ਕਿ ਪਿਛਲੇ 12 ਸਾਲਾਂ ’ਚ ਭਾਰਤ ਦੇ ਸਮਾਜਿਕ ਤਾਣੇ-ਬਾਣੇ ਅਤੇ ਲੋਕਰਾਜੀ ਢਾਂਚੇ ਨੂੰ ਭਾਰੀ ਨੁਕਸਾਨ ਪੁੱਜਾ ਹੈ। ਮੋਦੀ ਸਰਕਾਰ ਨੂੰ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਵੀ ਦੇਸ਼ ਦੀ ਪ੍ਰਣਾਲੀ ਨੂੰ ਬਹਾਲ ਕਰਨ ’ਚ ਸਮਾਂ ਲੱਗੇਗਾ।

ਆਪਣੀ ਕਿਤਾਬ ਬਿਲਾਂਗਿੰਗ : ਏ ਜਰਨੀ ਆਫ਼ ਲਵ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਅੰਗਰੇਜ਼ੀ ਦੀ ਰੋਜ਼ਾਨਾ ਅਖਬਾਰ ‘ਦ ਹਿੰਦੂ’ ਨਾਲ ਇੱਕ ਇੰਟਰਵਿਊ ’ਚ ਉਨ੍ਹਾਂ ਸ਼ਨੀਵਾਰ ਕਿਹਾ ਕਿ ਲੋਕ ਹੁਣ ਦੇਸ਼ ਨੂੰ ਹੋਏ ਨੁਕਸਾਨ ਨੂੰ ਮਹਿਸੂਸ ਕਰਨ ਲੱਗ ਪਏ ਹਨ। ਮੌਜੂਦਾ ਸਥਿਤੀ ਬਾਰੇ ਉਨ੍ਹਾਂ ਦੀ ਬੇਚੈਨੀ ਵਧ ਰਹੀ ਹੈ।

ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਕਿਹਾ ਕਿ ਮੈਂ ਫਿਰ ਵੀ ਆਸ਼ਾਵਾਦੀ ਹਾਂ ਤੇ ਮੇਰਾ ਮੰਨਣਾ ਹੈ ਕਿ ਭਾਰਤ ਦੇ ਲੋਕ ਚੰਗੇ ਰਾਜ ਦੀ ਵਾਪਸੀ ਦਾ ਸਵਾਗਤ ਕਰਨਗੇ। ਕਾਂਗਰਸ ਦੇ ਕਮਜ਼ੋਰ ਹੋ ਰਹੇ ਸਮਰਥਨ ਆਧਾਰ, ਪਾਰਟੀ ਦੀ ਮੌਜੂਦਾ ਸਥਿਤੀ ਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਗਾਂਧੀ ਨੇ ਕਿਹਾ ਕਿ ਮੈਂ ਇੰਨੀ ਨਿਰਾਸ਼ਾਵਾਦੀ ਨਹੀਂ ਹਾਂ।

ਉਨ੍ਹਾਂ ਕਿਹਾ ਕਿ ਇਸ ਤੱਥ ’ਤੇ ਗੌਰ ਕੀਤਾ ਜਾਣਾ ਚਾਹੀਦਾ ਹੈ ਕਿ ਜਦੋਂ ਤੋਂ ਇਹ ਸਰਕਾਰ ਸੱਤਾ ’ਚ ਆਈ ਹੈ, ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੂੰ ਬਰਾਬਰ ਦੇ ਮੌਕੇ ਨਹੀਂ ਮਿਲੇ ਹਨ। ਸਰਕਾਰ ਦਾ ਸਾਰੇ ਅਦਾਰਿਆਂ ਖਾਸ ਕਰ ਕੇ ਚੋਣ ਕਮਿਸ਼ਨ ’ਤੇ ਪੂਰਾ ਕੰਟਰੋਲ ਹੈ।

ਉਹ ਮੁੱਖ ਧਾਰਾ ਦੇ ਮੀਡੀਆ ਨੂੰ ਕੰਟਰੋਲ ਕਰਦੀ ਹੈ। ਉਸ ਕੋਲ ਬਹੁਤ ਜ਼ਿਆਦਾ ਵਿੱਤੀ ਸ਼ਕਤੀ ਹੈ। ਇੱਥੋਂ ਤੱਕ ਕਿ ਧਰਮ ਨੂੰ ਆਪਣੇ ਫਾਇਦੇ ਲਈ ਵਰਤਦੀ ਹੈ। ਕਾਂਗਰਸ ਬਰਾਬਰ ਸੋਚ ਵਾਲੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤੇ ਪਾਰਟੀ ਦੀਆਂ ਸੰਭਾਵਨਾਵਾਂ ਦਿਨ-ਬ-ਦਿਨ ਸੁਧਰ ਰਹੀਆਂ ਹਨ।

ਇੰਦਰਾ ਨੂੰ ਵੀ ਬਾਅਦ ’ਚ ਲੱਗਾ ਕਿ ਐਮਰਜੈਂਸੀ ਲਾਉਣਾ ਇਕ ਗਲਤੀ ਸੀ
ਸੋਨੀਆ ਗਾਂਧੀ ਨੇ ਐਮਰਜੈਂਸੀ ਲਾਉਣ ਦੇ ਫੈਸਲੇ ਨੂੰ ਇਕ ਗਲਤੀ ਦੱਸਿਆ ਤੇ ਕਿਹਾ ਕਿ ਮੈਂ ਮੰਨਦੀ ਹਾਂ ਕਿ ਮੇਰੀ ਸੱਸ ਇੰਦਰਾ ਗਾਂਧੀ ਨੇ ਵੀ ਅਜਿਹਾ ਹੀ ਮਹਿਸੂਸ ਕੀਤਾ ਸੀ।

ਉਨ੍ਹਾਂ ਕਿਤਾਬ ’ਚ ਲਿਖਿਆ ਕਿ ਜੇ ਸੰਜੇ ਗਾਂਧੀ ਨੂੰ ਕੰਟ੍ਰੋਲ ’ਚ ਰੱਖਿਆ ਜਾਂਦਾ ਤਾਂ ਐਮਰਜੈਂਸੀ ਕਾਰਨ ਹੋਏ ਬਹੁਤ ਸਾਰੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ। ਸੋਨੀਆ ਗਾਂਧੀ ਅਨੁਸਾਰ ਐਮਰਜੈਂਸੀ ਲਾਉਣ ਦੇ ਫੈਸਲੇ ਨੇ ਪਰਿਵਾਰ ਅੰਦਰ ਤਣਾਅ ਵਧਾਇਆ ਸੀ।

ਸਿਆਸਤ ਹਮੇਸ਼ਾ ਪਸੰਦ ਨਹੀਂ ਸੀ
ਸੋਨੀਆ ਗਾਂਧੀ ਨੇ ਕਿਹਾ ਕਿ ਮੈਨੂੰ ਸਿਆਸਤ ਹਮੇਸ਼ਾ ਪਸੰਦ ਨਹੀਂ ਸੀ । ਪਤੀ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਮੈਂ ਸਿਆਸੀ ਦੁਨੀਆ ’ਚ ਦਾਖਲ ਹੋਣ ਦੇ ਆਪਣੇ ਫੈਸਲੇ ਬਾਰੇ ਲੰਬੇ ਸਮੇਂ ਤੱਕ ਅੰਦਰੂਨੀ ਟਕਰਾਅ ਨਾਲ ਜੂਝਦੀ ਰਹੀ ਸੀ।

ਹਾਲਾਂਕਿ, ਭਗਵਦ ਗੀਤਾ ਨੇ ਮੇਰੇ ਖਦਸ਼ੇ ਦੂਰ ਕਰਨ ਤੇ ਮੈਨੂੰ ਅੱਗੇ ਵਧਣ ਦਾ ਰਸਤਾ ਵਿਖਾਉਣ ’ਚ ਮਦਦ ਕੀਤੀ। ਕਿਤਾਬ ’ਚ ਸੋਨੀਆ ਗਾਂਧੀ ਨੇ ਸਿਆਸਤ ’ਚ ਸਰਗਰਮੀ ਨਾਲ ਆਉਣ ਤੋਂ ਪਹਿਲਾਂ 2 ਸਾਲਾਂ ’ਚ ਉਸ ਅੰਦਰੂਨੀ ਟਕਰਾਅ ਤੇ ਉਥਲ-ਪੁਥਲ ਦਾ ਜ਼ਿਕਰ ਕੀਤਾ ਜਿਸ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ ਸੀ।
 


author

Inder Prajapati

Content Editor

Related News