ਦਿੱਲੀ ''ਚ ਖੌਫਨਾਕ ਵਾਰਦਾਤ! ਪੈਟਰੋਲ ਪਾ ਕੇ ਵਿਅਕਤੀ ਨੂੰ ਸਾੜਿਆ, ਬੁਰੀ ਹਾਲਤ ਮਿਲੀ ਅਣਪਛਾਤੀ ਲਾਸ਼
Tuesday, Oct 08, 2024 - 09:49 PM (IST)
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਮੈਪੁਰ ਬਦਲੀ ਇਲਾਕੇ 'ਚ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲਣ 'ਤੇ ਸਨਸਨੀ ਫੈਲ ਗਈ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਉਹ ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ। ਪੁਲਸ ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਮੁਤਾਬਕ ਦਿੱਲੀ ਦੇ ਸਮੈਪੁਰ ਬਦਲੀ ਥਾਣੇ ਦੇ ਸਟਾਫ਼ ਨੂੰ ਸਵੇਰੇ 6.31 ਵਜੇ ਪੀਸੀਆਰ ਕਾਲ ਮਿਲੀ, ਜਿਸ ਵਿੱਚ ਦੱਸਿਆ ਗਿਆ ਕਿ ਥਾਣਾ ਸਦਰ ਦੇ ਖੇਤਰ 'ਚ ਬੜਾ ਖੇੜਾ ਕੈਨਾਲ ਰੋਡ ਨੇੜੇ ਇੱਕ ਸੜੀ ਹੋਈ ਲਾਸ਼ ਪਈ ਸੀ।
ਦਿੱਲੀ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਇਸ ਸੂਚਨਾ ਤੋਂ ਬਾਅਦ ਤੁਰੰਤ ਇਕ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਤੇ ਇਕ ਅਣਪਛਾਤੇ ਪੁਰਸ਼ ਦੀ ਲਾਸ਼ ਪੂਰੀ ਤਰ੍ਹਾਂ ਨਾਲ ਸੜੀ ਹਾਲਤ 'ਚ ਬਰਾਮਦ ਕੀਤੀ ਗਈ। ਪੁਲਸ ਨੇ ਦੱਸਿਆ ਕਿ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੈਟਰੋਲ ਦੀ ਬਦਬੂ ਵਾਲੀ ਪਲਾਸਟਿਕ ਦੀ ਬੋਤਲ ਅਤੇ ਮਾਚਿਸ ਦੀ ਡੱਬੀ ਬਰਾਮਦ ਹੋਈ।
ਪੁਲਸ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਣਪਛਾਤੀ ਲਾਸ਼ ਦੀ ਛਾਣਬੀਣ ਕਰਨ 'ਤੇ ਪਤਾ ਲੱਗਿਆ ਕਿ ਇਸ ਦੇ ਆਲੇ-ਦੁਆਲੇ ਤਾਰਾਂ ਅਤੇ ਕੁਝ ਕੱਪੜੇ ਵੀ ਲਪੇਟੇ ਹੋਏ ਸਨ। ਦਿੱਲੀ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਉਹ ਮ੍ਰਿਤਕ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕਰ ਰਹੇ ਹਨ।
ਘਟਨਾ ਦੀ ਜਾਂਚ ਲਈ ਕ੍ਰਾਈਮ ਟੀਮ ਅਤੇ ਐੱਫਐੱਸਐੱਲ ਟੀਮ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਦੱਸਿਆ ਕਿ ਬੀਐੱਨਐੱਸ ਦੀ ਧਾਰਾ 103 (1) (ਕਤਲ) ਦੇ ਤਹਿਤ ਸਮੈਪੁਰ ਬਦਲੀ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।