ਦਿੱਲੀ ਪੁਲਸ ਮੁਲਾਜ਼ਮਾਂ ਦੀ ਖ਼ੁਦਕੁਸ਼ੀ ਨਾਲ ਜੁੜੇ ਮਾਮਲਿਆਂ ’ਤੇ RTI ਦੀ ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

Monday, Oct 19, 2020 - 10:38 AM (IST)

ਦਿੱਲੀ ਪੁਲਸ ਮੁਲਾਜ਼ਮਾਂ ਦੀ ਖ਼ੁਦਕੁਸ਼ੀ ਨਾਲ ਜੁੜੇ ਮਾਮਲਿਆਂ ’ਤੇ RTI ਦੀ ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

ਨਵੀਂ ਦਿੱਲੀ- ਦਿੱਲੀ ਪੁਲਸ ਦੇ ਮੁਲਾਜ਼ਮ ਕਿਸ ਹੱਦ ਤੱਕ ਤਣਾਅ ’ਚ ਰਹਿੰਦੇ ਹਨ, ਇਸ ਦਾ ਅਨੁਮਾਨ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੇ ਸਾਢੇ 3 ਸਾਲ ਦੌਰਾਨ ਔਸਤ ਹਰ 35 ਦਿਨ ਅੰਦਰ ਇਕ ਪੁਲਸ ਮੁਲਾਜ਼ਮ ਨੇ ਖ਼ੁਦਕੁਸ਼ੀ ਕੀਤੀ। ਦਿੱਲੀ ਪੁਲਸ ਨੇ ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਦੇ ਅਧੀਨ ਦਾਇਰ ਇਕ ਅਰਜ਼ੀ ਦੇ ਜਵਾਬ ’ਚ ਦੱਸਿਆ ਗਿਆ ਹੈ ਕਿ ਜਨਵਰੀ 2017 ਤੋਂ ਇਸ ਸਾਲ 30 ਜੂਨ ਤੱਕ ਦਿੱਲੀ ਪੁਲਸ ਦੇ 37 ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਖ਼ੁਦਕੁਸ਼ੀ ਕੀਤੀ। ਪੁਲਸ ਕੋਲੋਂ ਮਿਲੀ ਸੂਚਨਾ ਮੁਤਾਬਕ ਬੀਤੇ 42 ਮਹੀਨਿਆਂ ਦੌਰਾਨ 14 ਮੁਲਾਜ਼ਮਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਦਿੱਤੀ ਜਦੋਂ ਕਿ ਕਈ ਮੁਲਾਜ਼ਮਾਂ ਨੇ ‘ਆਫ ਡਿਊਟੀ’ ਦੌਰਾਨ ਖ਼ੁਦਕੁਸ਼ੀ ਕੀਤੀ।

ਦਿੱਲੀ ਪੁਲਸ ਆਰ.ਟੀ.ਆਈ. ਦੇ ਅਧੀਨ ਸਾਹਮਣੇ ਆਈ ਜਾਣਕਾਰੀ ’ਤੇ ਅਧਿਕਾਰਤ ਤੌਰ ’ਤੇ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ ਪਰ ਨਿੱਜੀ ਗੱਲਬਾਤ ਦੌਰਾਨ ਕੁਝ ਪੁਲਸ ਮੁਲਾਜ਼ਮਾ ਨੇ ਕਿਹਾ ਕਿ ਮੁਲਾਜ਼ਮ ਲੰਬੀ ਡਿਊਟੀ ਕਾਰਨ ਬਹੁਤ ਤਣਾਅ ’ਚ ਰਹਿੰਦੇ ਹਨ। ਸ਼ਾਇਦ ਇਸੇ ਕਾਰਨ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਵਰਗਾ ਸਖਤ ਕਦਮ ਚੁੱਕਦੇ ਹਨ। ਦਿੱਲੀ ਪੁਲਸ ਤੋਂ ਆਈ.ਟੀ.ਆਈ. ਅਰਜ਼ੀ ’ਚ ਪੁੱਛਿਆ ਗਿਆ ਸੀ ਕਿ ਜਨਵਰੀ 2017 ਤੋਂ 30 ਜੂਨ 2020 ਤੱਕ ਕਿੰਨੇ ਮੁਲਾਜ਼ਮਾਂ ਨੇ ਖ਼ੁਦਕੁਸ਼ੀ ਕੀਤੀ ਹੈ ਅਤੇ ਉਸ ਦੀ ਰੈਂਕ ਕੀਤੀ ਹੈ। ਪੁਲਸ ਨੇ ਦੱਸਿਆ ਕਿ ਖ਼ੁਦਕੁਸ਼ੀ ਕਰਨ ਵਾਲਿਆਂ ’ਚ 13 ਸਿਪਾਹੀ, 15 ਪ੍ਰਧਾਨ ਸਿਪਾਹੀ, 3 ਏ.ਐੱਸ.ਆਈ., 3 ਐੱਸ.ਆਈ. ਅਤੇ 2 ਇੰਸਪੈਕਟਰ ਰੈਂਕ ਦੇ ਪੁਲਸ ਮੁਲਾਜ਼ਮ ਸ਼ਾਮਲ ਹਨ। ਡਿਊਟੀ ਦੌਰਾਨ ਜਿਨ੍ਹਾਂ 14 ਮੁਲਾਜ਼ਮਾਂ ਨੇ ਖੁਦਕੁਸ਼ੀ ਕੀਤੀ, ਉਨ੍ਹਾਂ ’ਚ 6 ਪ੍ਰਧਾਨ ਸਿਪਾਹੀ, 4 ਸਿਪਾਹੀ, 1 ਏ.ਐੱਸ.ਆਈ. ਅਤੇ 1 ਐੱਸ.ਆਈ . ਸ਼ਾਮਲ ਹੈ। ਉੱਥੇ ਹੀ ‘ਆਫ ਡਿਊਟ’ ਦੌਰਾਨ ਜਾਨ ਦੇਣ ਵਾਲਿਆਂ ’ਚ 9 ਸਿਪਾਹੀ, 6 ਪ੍ਰਧਾਨ ਸਿਪਾਹੀ, 2 ਏ.ਐੱਸ.ਆਈ., 2 ਐੱਸ.ਆਈ. ਅਤੇ 1 ਇੰਸਪੈਕਟਰ ਸ਼ਾਮਲ ਹਨ। 5 ਪੁਲਸ ਮੁਲਾਜ਼ਮਾਂ ਦੀ ਖੁਦਕੁਸ਼ੀ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਨੇ ਡਿਊਟੀ ਦੌਰਾਨ ਖ਼ੁਦਕੁਸ਼ੀ ਕੀਤੀ ਜਾਂ ਆਫ ਡਿਊਟੀ ਸਮੇਂ। ਇਨ੍ਹਾਂ ’ਚ ਪੁਲਸ ਮੁਲਾਜ਼ਮ 2 ਬੀਬੀਆਂ ਵੀ ਸ਼ਾਮਲ ਹਨ।


author

DIsha

Content Editor

Related News