ਦਿੱਲੀ ਹਿੰਸਾ : ਪੁਲਸ ਨੇ ਪੀ.ਐੱਫ.ਆਈ. ਪ੍ਰਧਾਨ ਅਤੇ ਸਕੱਤਰ ਨੂੰ ਕੀਤਾ ਗ੍ਰਿਫਤਾਰ
Thursday, Mar 12, 2020 - 10:20 AM (IST)
ਨਵੀਂ ਦਿੱਲੀ— ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਟੀਮ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਲੋਕਾਂ ਨੂੰ ਭੜਕਾਉਣ ਦੇ ਦੋਸ਼ 'ਚ ਪੀਪਲਜ਼ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਦੇ ਪ੍ਰਧਾਨ ਪ੍ਰਵੇਸ਼ ਅਤੇ ਸਕੱਤਰ ਇਲਿਆਸ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਤੇ ਦਿੱਲੀ ਹਿੰਸਾ ਭੜਕਾਉਣ ਦਾ ਦੋਸ਼ ਹੈ। ਦੋਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਹ ਪੁੱਛ-ਗਿੱਛ ਫੰਡਿੰਗ ਨੂੰ ਲੈ ਕੇ ਵੀ ਹੋ ਰਹੀ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਮਨੀ ਲਾਂਡਰਿੰਗ ਨਾਲ ਜੁੜੇ ਕੇਸ 'ਚ ਪਰਵੇਜ਼ ਅਹਿਮਦ ਤੋਂ ਪੁੱਛ-ਗਿੱਛ ਕੀਤੀ ਸੀ।
ਪੱਤਰਕਾਰ ਸੰਮੇਲਨ ਕਰ ਕੇ ਪੂਰੀ ਜਾਣਕਾਰੀ ਦੇਵੇਗੀ ਦਿੱਲੀ ਪੁਲਸ
ਉਨ੍ਹਾਂ ਨੇ ਉਦੋਂ ਇਨਕਾਰ ਕਰ ਦਿੱਤਾ ਸੀ ਕਿ ਪੀ.ਐੱਫ.ਆਈ. ਅਤੇ ਐਂਟੀ ਸੀ.ਏ.ਏ. ਵਿਰੋਧ (ਜੋ ਹਿੰਸਕ ਹੋ ਗਏ ਸਨ) ਦਰਮਿਆਨ ਕੋਈ ਸੰਬੰਧ ਸਨ। ਹਾਲਾਂਕਿ ਈ.ਡੀ. ਕੋਲ ਇਹ ਦਿਖਾਉਣ ਲਈ ਸਬੂਤ ਸਨ ਕਿ ਪੀ.ਐੱਫ.ਆਈ. ਅਤੇ ਰਿਹੈਬ ਫਾਊਂਡੇਸ਼ਨ ਆਫ ਇੰਡੀਆ ਨਾਲ ਜੁੜੇ ਵੱਖ-ਵੱਖ ਬੈਂਕ ਖਾਤਿਆਂ 'ਚ 120 ਕਰੋੜ ਤੋਂ ਵਧ ਰੁਪਏ ਜਮ੍ਹਾ ਕੀਤੇ ਗਏ ਸਨ ਪਰ ਹਿੰਸਕ ਪ੍ਰਦਰਸ਼ਨ ਦੌਰਾਨ ਇਨ੍ਹਾਂ ਪੈਸਿਆਂ ਨੂੰ ਕੱਢਿਆ ਗਿਆ ਸੀ। ਦਿੱਲੀ ਪੁਲਸ ਇਸ ਸੰਬੰਧ 'ਚ ਪੱਤਰਕਾਰ ਸੰਮੇਲਨ ਕਰ ਕੇ ਪੂਰੀ ਜਾਣਕਾਰੀ ਦੇਵੇਗੀ।
ਵਿਰੋਧ ਪ੍ਰਦਰਸ਼ਨ ਲਈ ਫੰਡਿੰਗ ਕਰਨ ਦਾ ਦੋਸ਼
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਪੀ.ਐੱਫ.ਆਈ. ਵਿਰੁੱਧ ਇਕ ਤਾਜ਼ਾ ਮਾਮਲਾ ਦਰਜ ਕੀਤਾ ਸੀ। ਈ.ਡੀ. ਨੇ ਦਿੱਲੀ ਪੁਲਸ ਦੀ ਐੱਫ.ਆਈ.ਆਰ. ਦਾ ਨੋਟਿਸ ਲੈ ਕੇ ਇਹ ਮਾਮਲਾ ਦਰਜ ਕੀਤਾ ਸੀ। ਮੁਹੰਮਦ ਦਾਨਿਸ਼ ਸਮੇਤ 2 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਮੁਹੰਮਦ ਦਾਨਿਸ਼ ਕਥਿਤ ਤੌਰ 'ਤੇ ਪੀ.ਐੱਫ.ਆਈ. ਦਾ ਮੈਂਬਰ ਹੈ, ਜਿਸ 'ਤੇ ਸੀ.ਏ.ਏ. ਵਿਰੁੱਧ ਵਿਰੋਧ ਪ੍ਰਦਰਸ਼ਨ ਲਈ ਫੰਡਿੰਗ ਕਰਨ ਦਾ ਦੋਸ਼ ਹੈ।
ਪੀ.ਐੱਫ.ਆਈ. ਦੇ ਮੈਂਬਰ ਦਾਨਿਸ਼ ਨੂੰ ਗ੍ਰਿਫਤਾਰ ਕੀਤਾ
ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਪੀ.ਐੱਫ.ਆਈ. ਦੇ ਮੈਂਬਰ ਦਾਨਿਸ਼ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ ਸੀ.ਏ.ਏ. ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਤੌਰ 'ਤੇ ਗਲਤ ਪ੍ਰਚਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਦਿੱਲੀ ਪੁਲਸ ਸਪੈਸ਼ਲ ਸੈੱਲ ਨੇ ਕਿਹਾ ਸੀ ਕਿ ਦਾਨਿਸ਼ ਪੀ.ਐੱਫ.ਆਈ. ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦਾ ਮੁਖੀ ਹੈ ਅਤੇ ਸ਼ਹਿਰ ਭਰ 'ਚ ਸੀ.ਏ.ਏ. ਵਿਰੋਧੀ ਪ੍ਰਦਰਸ਼ਨ 'ਚ ਸਰਗਰਮ ਰੂਪ ਨਾਲ ਹਿੱਸਾ ਲੈਂਦਾ ਰਿਹਾ ਹੈ।