ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ ਤੇ ਨਿਤੀਸ਼ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ
Thursday, Jun 22, 2023 - 11:56 AM (IST)
ਨਵੀਂ ਦਿੱਲੀ, (ਭਾਸ਼ਾ)- ਬੁੱਧਵਾਰ ਪੁਲਸ ਕੰਟਰੋਲ ਰੂਮ ’ਚ 2 ਵਾਰ ਫ਼ੋਨ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਦੇਰ ਸ਼ਾਮ ਧਮਕੀ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਅਨੁਸਾਰ ਫੋਨ ਕਰਨ ਵਾਲੇ ਦੀ ਪਛਾਣ ਸੁਧੀਰ ਸ਼ਰਮਾ ਵਜੋਂ ਹੋਈ ਹੈ, ਜੋ ਤਰਖਾਣ ਹੈ।
ਮੁਲਜ਼ਮ ਦੇ ਪੁੱਤਰ ਅੰਕਿਤ ਨੇ ਦਾਅਵਾ ਕੀਤਾ ਕਿ ਉਸ ਦਾ ਪਿਤਾ ਸ਼ਰਾਬ ਦਾ ਆਦੀ ਹੈ। ਡਿਪਟੀ ਕਮਿਸ਼ਨਰ ਆਫ ਪੁਲਸ (ਆਊਟਰ) ਹਰਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ 10.46 ਵਜੇ ਪੀ. ਸੀ. ਆਰ. ਕਾਲ ਆਈ ਅਤੇ ਫੋਨ ਕਰਨ ਵਾਲੇ ਨੇ ਬਿਹਾਰ ਦੇ ਮੁੱਖ ਮੰਤਰੀ ਨੂੰ 10 ਕਰੋੜ ਰੁਪਏ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਫੋਨ ਕਰਨ ਵਾਲੇ ਦੀ ‘ਲੋਕੇਸ਼ਨ’ ਨਾਂਗਲੋਈ ਇਲਾਕੇ ਦੀ ਆਈ। ਕਾਲਰ ਨੇ ਸਵੇਰੇ 10.54 ਵਜੇ ਦੁਬਾਰਾ ਫੋਨ ਕੀਤਾ ਅਤੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 2 ਕਰੋੜ ਰੁਪਏ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਮੁਲਜ਼ਮ ਦੀ ਪਛਾਣ ਮਾਦੀਪੁਰ ਦੇ ਰਹਿਣ ਵਾਲੇ ਸੁਧੀਰ ਸ਼ਰਮਾ ਵਜੋਂ ਹੋਈ। ਉਹ ਘਰ ਨਹੀਂ ਸੀ । ਉਸ ਦੇ ਪੁੱਤਰ ਅੰਕਿਤ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਤਰਖਾਣ ਦਾ ਕੰਮ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ।