ਦਿੱਲੀ-ਉੱਤਰ ਭਾਰਤ ''ਚ ਬਰਫ਼ੀਲੀਆਂ ਹਵਾਵਾਂ ਦਾ ਕਹਿਰ ਜਾਰੀ, ਜਾਣੋ ਦੇਸ਼ ਦੇ ਹੋਰ ਸੂਬਿਆਂ ਦਾ ਹਾਲ
Monday, Jan 25, 2021 - 09:59 AM (IST)
ਨਵੀਂ ਦਿੱਲੀ- ਦੇਸ਼ ਦੇ ਉੱਤਰੀ ਹਿੱਸੇ 'ਚ ਕੜਾਕੇ ਦੀ ਠੰਡ, ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦਾ ਕਹਿਰ ਜਾਰੀ ਹੈ। ਪਹਿਲਾਂ ਹੀ ਕੜਾਕੇ ਦੀ ਠੰਡ ਅਤੇ ਸ਼ੀਤ ਲਹਿਰ ਕਾਰਨ ਕਈ ਸ਼ਹਿਰਾਂ ਦਾ ਪਾਰਾ ਡਿੱਗਿਆ ਹੋਇਆ ਹੈ। ਉੱਥੇ ਹੀ ਹੁਣ ਪਹਾੜੀ ਇਲਾਕਿਆਂ 'ਚ ਹੋ ਰਹੀ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ 'ਚ ਬਰਫ਼ੀਲੀ ਹਵਾਵਾਂ ਕਹਿਰ ਢਾਹ ਰਹੀਆਂ ਹਨ। ਪਿਛਲੇ ਕਈ ਦਿਨਾਂ ਤੋਂ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਜ਼ਿਆਦਾਤਰ ਸੂਬਿਆਂ 'ਚ ਸਵੇਰੇ-ਸ਼ਾਮ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਾਰਨ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਰਹੀਆਂ ਹਨ।
ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਅਨੁਸਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ-ਐੱਨ.ਸੀ.ਆਰ. 'ਚ 26 ਜਨਵਰੀ ਤੱਕ ਕੜਾਕੇ ਦੀ ਠੰਡ ਪਵੇਗੀ। ਜਦੋਂ ਕਿ 27 ਜਨਵਰੀ ਤੱਕ ਉੱਤਰੀ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ 'ਚ ਸ਼ੀਤ ਲਹਿਰ ਦਾ ਦੌਰ ਜਾਰੀ ਰਹੇਗਾ। ਅਜਿਹਾ ਸੋਮਵਾਰ ਤੋਂ ਜੰਮੂ ਕਸ਼ਮੀਰ ਤੋਂ ਪੱਛਮੀ ਗੜਬੜੀ ਦੇ ਉੱਤਰ-ਪੂਰਬ ਵੱਲ ਵਧਣ ਕਾਰਨ ਹੋਵੇਗਾ। ਇਸ ਦੇ ਅਸਰ ਨਾਲ ਮੈਦਾਨੀ ਇਲਾਕਿਆਂ 'ਚ ਸਰਦ ਹਵਾਵਾਂ ਚੱਲਣਗੀਆਂ।
ਮੌਸਮ ਵਿਭਾਗ ਅਨੁਸਾਰ, ਸੋਮਵਾਰ ਸਵੇਰ ਤੋਂ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਬਿਹਾਰ, ਦਿੱਲੀ, ਆਸਾਮ, ਮੇਘਾਲਿਆ, ਤ੍ਰਿਪੁਰਾ, ਓਡੀਸ਼ਾ ਅਤੇ ਸਿੱਕਮ 'ਚ ਸੰਘਣੀ ਧੁੰਦ ਛਾਈ ਹੋਈ ਹੈ। ਬਨਾਰਸ, ਮਾਲਦਾ, ਬਾਲਾਸੋਰ, ਪਾਰਾਦੀਪ 'ਚ ਸੋਮਵਾਰ ਸਵੇਰੇ 5.30 ਵਜੇ 25 ਮੀਟਰ ਦੀ ਦ੍ਰਿਸ਼ਤਾ ਦਰਜ ਕੀਤੀ ਗਈ। ਉੱਥੇ ਹੀ ਚੰਡੀਗੜ੍ਹ, ਬਹਿਰਾਈਚ, ਲਖਨਊ, ਸੁਲਤਾਨਪੁਰ, ਗਯਾ, ਭਾਗਲਪੁਰ, ਪੂਰਨੀਆ, ਅਗਰਤਲਾ 'ਚ 50 ਮੀਟਰ ਦ੍ਰਿਸ਼ਤਾ ਦਰਜ ਕੀਤੀ ਗਈ। ਜਦੋਂ ਕਿ ਪਟਿਆਲਾ, ਹਿਸਾਰ, ਗਵਾਲੀਅਰ, ਗੋਰਖਪੁਰ, ਚੰਦਬਲੀ, ਕੈਲਾਸ਼ਹਿਰ, ਤੇਜ਼ਪੁਰ 'ਚ 200 ਮੀਟਰ ਦੀ ਦ੍ਰਿਸ਼ਤਾ ਰਹੀ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਅਜਿਹਾ ਮੌਸਮ ਬਣੇ ਰਹਿਣ ਦਾ ਖ਼ਦਸ਼ਾ ਜਤਾਇਆ ਹੈ। ਇਹੀ ਨਹੀਂ ਧੁੰਦ, ਬਰਫ਼ਬਾਰੀ ਅਤੇ ਸ਼ੀਤ ਲਹਿਰ ਵਿਚਾਲੇ ਯੂ.ਪੀ. ਅਤੇ ਝਾਰਖੰਡ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਮੀਂਹ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ