ਦਿੱਲੀ-NCR ’ਚ ਹਵਾ ਪ੍ਰਦੂਸ਼ਣ ਵਧਿਆ, ਗ੍ਰੈਪ-3 ਤਹਿਤ ਪਾਬੰਦੀ ਮੁੜ ਲਾਗੂ
Friday, Jan 03, 2025 - 10:34 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ-ਐੱਨ. ਸੀ. ਆਰ. ਦੀ ਹਵਾ ਦੀ ਗੁਣਵੱਤਾ ਬਾਰੇ ਕੇਂਦਰ ਦੇ ਕਮਿਸ਼ਨ ਨੇ ਹਵਾ ਪ੍ਰਦੂਸ਼ਣ ਦੇ ਪੱਧਰ ਵਿਚ ਵਾਧੇ ਦੇ ਮੱਦੇਨਜ਼ਰ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਗ੍ਰੈਪ) ਦੇ ਤਹਿਤ ਪਾਬੰਦੀਆਂ ਦੇ ਤੀਜੇ ਪੜਾਅ ਨੂੰ ਮੁੜ ਲਾਗੂ ਕਰ ਦਿੱਤਾ। ਦਿੱਲੀ ’ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ ਅਤੇ 24 ਘੰਟੇ ਦਾ ਔਸਤ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਸ਼ਾਮ 4 ਵਜੇ 371 ’ਤੇ ਰਿਹਾ।
ਭਾਰਤੀ ਮੌਸਮ ਵਿਭਾਗ ਦੇ ਪੂਰਵ ਅਨੁਮਾਨਾਂ ਮੁਤਾਬਕ, ਹਵਾ ਦੀ ਗੁਣਵੱਤਾ ਦੀ ਸਥਿਤੀ ਖਰਾਬ ਰਹਿਣ ਦੀ ਸੰਭਾਵਨਾ ਹੈ। ਗ੍ਰੈਪ-3 ਦੇ ਤਹਿਤ ਨਿੱਜੀ ਖੇਤਰ ਵਿਚ ਗੈਰ-ਜ਼ਰੂਰੀ ਉਸਾਰੀ ਦੇ ਕੰਮਾਂ ’ਤੇ ਪਾਬੰਦੀ ਲਗਾਈ ਜਾਂਦੀ ਹੈ। ਪੜਾਅ ਤਿੰਨ ਤਹਿਤ 5ਵੀਂ ਤੱਕ ਦੀਆਂ ਜਮਾਤਾਂ ‘ਹਾਈਬ੍ਰਿਡ’ (ਆਨਲਾਈਨ ਅਤੇ ਆਫਲਾਈਨ) ਤਰੀਕੇ ਨਾਲ ਚਲਾਉਣੀਆਂ ਜ਼ਰੂਰੀ ਹਨ।
ਮਾਪਿਆਂ ਅਤੇ ਵਿਦਿਆਰਥੀਆਂ ਕੋਲ ਜਿੱਥੇ ਵੀ ਉਪਲੱਬਧ ਹੋਵੇ, ਆਨਲਾਈਨ ਸਿੱਖਿਆ ਦੀ ਚੋਣ ਕਰਨ ਦਾ ਬਦਲ ਹੁੰਦਾ ਹੈ। ਪੜਾਅ 3 ਦੇ ਤਹਿਤ ਦਿੱਲੀ ਅਤੇ ਆਸ-ਪਾਸ ਦੇ ਐੱਨ. ਸੀ. ਆਰ. ਜ਼ਿਲਿਆਂ ਵਿਚ ਬੀ. ਐੱਸ.-III ਪੈਟਰੋਲ ਅਤੇ ਬੀ. ਐੱਸ.-IV ਡੀਜ਼ਲ ਕਾਰਾਂ (4-ਪਹੀਆ ਵਾਹਨਾਂ) ਦੀ ਵਰਤੋਂ ’ਤੇ ਪਾਬੰਦੀ ਹੈ।