ਦਿੱਲੀ ਮੈਟਰੋ ਨੂੰ ਮਿਲੀ ਚਾਲਕ ਰਹਿਤ ‘ਮੇਕ ਇਨ ਇੰਡੀਆ’ ਤਕਨੀਕ ਵਾਲੀ ਟਰੇਨ
Wednesday, Sep 25, 2024 - 05:02 AM (IST)
ਨਵੀਂ ਦਿੱਲੀ - ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਨੂੰ ਸੋਮਵਾਰ ਨੂੰ ਚਾਲਕ ਰਹਿਤ ਤਕਨੀਕ ਨਾਲ ਲੈਸ ਪਹਿਲਾ ਮੈਟਰੋਪੋਲਿਸ ਮੈਟਰੋ ਟਰੇਨ ਸੈੱਟ ਪ੍ਰਾਪਤ ਹੋਇਆ, ਜੋ ਕਿ ਇਕ ਮੂਲ ਉਪਕਰਣ ਨਿਰਮਾਤਾ (ਓ. ਈ. ਐੱਮ.) ਵੱਲੋਂ ਨਿਰਮਿਤ ਪਹਿਲੇ ਪ੍ਰਾਜੈਕਟ ਦਾ ਹਿੱਸਾ ਹੈ। ਇਕ ਅਧਿਕਾਰਤ ਰਿਲੀਜ਼ ’ਚ ਇਹ ਜਾਣਕਾਰੀ ਦਿੱਤੀ ਗਈ।
ਡੀ. ਐੱਮ. ਆਰ. ਸੀ. ਦੇ ਮੈਨੇਜਿੰਗ ਡਾਇਰੈਕਟਰ ਵਿਕਾਸ ਕੁਮਾਰ ਨੇ ਦੱਸਿਆ ਕਿ ਇਹ ਦਿੱਲੀ ਮੈਟਰੋ ਪਰਿਵਾਰ ਲਈ ਇਕ ਇਤਿਹਾਸਕ ਪਲ ਹੈ ਕਿਉਂਕਿ ਅਸੀਂ 4 ਪੜਾਅ ਦੇ ਗਲਿਆਰਿਆਂ ਨੂੰ ਸ਼ੁਰੂ ਕਰਨ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਕਦਮ ਉਠਾਇਆ ਹੈ।
ਕੁਮਾਰ ਨੇ ਦੱਸਿਆ ਕਿ ਨਵੇਂ ਪੜਾਅ ਦੇ ਵਿਸਥਾਰ ਲਈ ਪਹਿਲੇ ਟਰੇਨ ਸੈੱਟ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀ ਸਿਟੀ ਤੋਂ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਅਸੀਂ ਆਪਣੇ ਯਾਤਰੀਆਂ ਲਈ ਵਿਸਥਾਰਿਤ ਸਹੂਲਤਾਂ ਅਤੇ ਵਾਤਾਵਰਣ ਹਿਤੈਸ਼ੀ ਯਾਤਰਾ ਦੇ ਨਵੇਂ ਯੁੱਗ ਵਿਚ ਦਾਖਲ ਹੋ ਰਹੇ ਹਾਂ।
ਰਿਲੀਜ਼ ਮੁਤਾਬਕ ‘ਮੇਕ ਇਨ ਇੰਡੀਆ’ ਪਹਿਲਕਦਮੀ ਤਹਿਤ ਮਹਾਨਗਰੀ ਰੇਲਗੱਡੀਆਂ ਨੂੰ ਭਾਰਤ ਵਿਚ ਸ਼੍ਰੀ ਸਿਟੀ ਵਿਚ ਅਲਸਟਾਮ ਦੀ ਨਿਰਮਾਣ ਇਕਾਈ ਵਿਚ ਡਿਜ਼ਾਈਨ ਕੀਤਾ ਜਾ ਰਿਹਾ ਹੈ ਅਤੇ ਗ੍ਰੇਡ ਆਫ ਆਟੋਮੇਸ਼ਨ (ਜੀ. ਓ. ਏ.)-4 ਚਾਲਕ ਰਹਿਤ ਤਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ। ਇਹ ਟਰੇਨ ਸੈੱਟ ਨੂੰ ਦਿੱਲੀ ਮੈਟਰੋ ਦੀਆਂ 3 ਲਾਈਨਾਂ ’ਤੇ ਚਲਾਇਆ ਜਾਵੇਗਾ, ਜਿਸ ਵਿਚ 2 ਐਕਸਟੈਂਡਡ ਲਾਈਨਾਂ ਅਤੇ ਨਵੀਂ ਗੋਲਡ ਲਾਈਨ-10 ਸ਼ਾਮਲ ਹਨ, ਜਿਸ ਦੀ ਲੰਬਾਈ ਲੱਗਭਗ 64.67 ਕਿਲੋਮੀਟਰ ਹੈ।