ਪਿਛਲੇ ਸਾਲ ਦਿੱਲੀ ''ਚ 24 ਫੀਸਦੀ ਮੌਤਾਂ ਛੂਤ ਤੇ ਪਰਜੀਵੀ ਬੀਮਾਰੀਆਂ ਕਾਰਨ ਹੋਈਆਂ
Monday, Nov 11, 2024 - 10:44 AM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ ਪਿਛਲੇ ਸਾਲ ਵੱਖ-ਵੱਖ ਹਸਪਤਾਲਾਂ ਤੇ ਸਿਹਤ ਸੰਸਥਾਵਾਂ 'ਚ ਕੁੱਲ 88,628 ਮੌਤਾਂ 'ਚੋਂ ਲਗਭਗ 24 ਫੀਸਦੀ ਮੌਤਾਂ ਹੈਜ਼ਾ, ਦਸਤ, ਤਪਦਿਕ (ਟੀ.ਬੀ.) ਤੇ ਹੈਪੇਟਾਈਟਿਸ-ਬੀ ਸਮੇਤ ਹੋਰਨਾਂ ਛੂਤ ਤੇ ਪਰਜੀਵੀ ਬੀਮਾਰੀਆਂ ਕਾਰਨ ਹੋਈਆਂ। ਦਿੱਲੀ ਸਰਕਾਰ ਦੀ ਇਕ ਨਵੀਂ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਡਾਇਰੈਕਟੋਰੇਟ ਆਫ਼ ਇਕਨਾਮਿਕਸ ਐਂਡ ਸਟੈਟਿਸਟਿਕਸ ਦੁਆਰਾ ਜਾਰੀ 'ਦਿ ਮੈਡੀਕਲ ਸਰਟੀਫਿਕੇਸ਼ਨ ਆਫ਼ ਕਾਜ਼ਜ਼ ਆਫ਼ ਡੈੱਥਜ਼' (ਐੱਮ. ਸੀ. ਸੀ. ਡੀ.) ਰਿਪੋਰਟ-2023 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਕੁੱਲ 88,628 ਮੌਤਾਂ ਦਿੱਲੀ ਦੇ ਹਸਪਤਾਲਾਂ ਜਾਂ ਸਿਹਤ ਸੰਸਥਾਵਾਂ 'ਚ ਹੋਈਆਂ, ਜਿਨ੍ਹਾਂ 'ਚੋਂ ਲਗਭਗ 21,000 ਲੋਕਾਂ ਦੀ ਜਾਨ ਛੂਤ ਤੇ ਪਰਜੀਵੀ ਬੀਮਾਰੀਆਂ ਦੇ ਕਾਰਨ ਚਲੀ ਗਈ।
ਰਿਪੋਰਟ ਮੁਤਾਬਕ, 2023 ’ਚ ਕੈਂਸਰ ਤੇ ਹੋਰ ਸਬੰਧਤ ਬੀਮਾਰੀਆਂ ਕਾਰਨ ਉਨ੍ਹਾਂ ਸਥਾਨਾਂ 'ਤੇ 6,054 ਮੌਤਾਂ ਹੋਈਆਂ, ਜੋ 2022 'ਚ ਇਸ ਵਰਗ 'ਚ ਰਿਕਾਰਡ ਕੀਤੀਆਂ ਗਈਆਂ 5,409 ਮੌਤਾਂ ਤੋਂ ਲਗਭਗ 12 ਫੀਸਦੀ ਜ਼ਿਆਦਾ ਹਨ। ਰਿਪੋਰਟ ਅਨੁਸਾਰ 2023 'ਚ ਬੱਚਿਆਂ ਦੇ ਮਾਮਲਿਆਂ 'ਚ ਸਭ ਤੋਂ ਜ਼ਿਆਦਾ ਮੌਤਾਂ (1,517) ਭਰੂਣ ਦੇ ਹੌਲੀ ਵਿਕਾਸ ਤੇ ਕੁਪੋਸ਼ਣ ਕਾਰਨ ਹੋਈਆਂ। ਇਸ 'ਚ ਕਿਹਾ ਗਿਆ ਹੈ ਕਿ ਨਿਮੋਨੀਆ ਨੇ 1,373, ਸੈਪਟੀਸੀਮੀਆ ਨੇ 1,109 ਤੇ ਹਾਈਪੌਕਸੀਆ, ਜਨਮ ਰੁਕਾਵਟ ਤੇ ਸਾਹ ਸਬੰਧੀ ਹੋਰ ਕਾਰਨਾਂ ਨੇ 704 ਬੱਚਿਆਂ ਦੀ ਜਾਨ ਲਈ। ਰਿਪੋਰਟ ਮੁਤਾਬਕ 2023 'ਚ ਸਭ ਤੋਂ ਵੱਧ ਮੌਤਾਂ 45 ਤੋਂ 64 ਸਾਲ ਦੇ ਉਮਰ ਵਰਗ 'ਚ ਹੋਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8