ਭਾਈ ਦੂਜ 'ਤੇ ਕੇਜਰੀਵਾਲ ਸਰਕਾਰ ਦਾ ਔਰਤਾਂ ਨੂੰ ਤੋਹਫਾ

Tuesday, Oct 29, 2019 - 11:03 AM (IST)

ਭਾਈ ਦੂਜ 'ਤੇ ਕੇਜਰੀਵਾਲ ਸਰਕਾਰ ਦਾ ਔਰਤਾਂ ਨੂੰ ਤੋਹਫਾ

ਨਵੀਂ ਦਿੱਲੀ (ਵਾਰਤਾ)— ਦਿੱਲੀ ਸਰਕਾਰ ਨੇ ਔਰਤਾਂ ਨੂੰ ਭਾਈ ਦੂਜ ਮੌਕੇ 'ਤੇ ਮੰਗਲਵਾਰ ਤੋਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ. ਟੀ. ਸੀ.) ਅਤੇ ਕਲਸਟਰ ਬੱਸਾਂ 'ਚ 'ਮੁਫ਼ਤ ਯਾਤਰਾ' ਦਾ ਤੋਹਫਾ ਦਿੱਤਾ ਹੈ। ਇਹ ਵਿਵਸਥਾ ਅਗਲੇ ਸਾਲ ਮਾਰਚ ਤਕ ਲਈ ਅਮਲ ਵਿਚ ਰਹੇਗੀ। ਨਾਲ ਹੀ ਉਨ੍ਹਾਂ ਦੀ ਸੁਰੱਖਿਆ ਲਈ ਬੱਸਾਂ 'ਚ 13 ਹਜ਼ਾਰ ਮਾਰਸ਼ਲ ਵੀ ਤਾਇਨਾਤ ਰਹਿਣਗੇ, ਜਿਸ ਦਾ ਐਲਾਨ ਕੇਜਰੀਵਾਲ ਨੇ ਕੱਲ ਕੀਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਡੀ. ਟੀ. ਸੀ. ਅਤੇ ਕਲਸਟਰ ਬੱਸਾਂ 'ਚ ਯਾਤਰਾ ਕਰਨ ਵਾਲੇ ਕੁੱਲ ਯਾਤਰੀਆਂ 'ਚ ਇਕ ਤਿਹਾਈ ਔਰਤਾਂ ਹੁੰਦੀਆਂ ਹਨ ਅਤੇ ਸਰਕਾਰ ਦੇ ਇਸ ਫੈਸਲੇ ਤੋਂ ਉਨ੍ਹਾਂ ਨੂੰ ਫਾਇਦਾ ਹੋਵੇਗਾ।

PunjabKesari

ਕੇਜਰੀਵਾਲ ਨੇ ਦੱਸਿਆ ਕਿ ਔਰਤਾਂ ਨੂੰ ਬੱਸਾਂ 'ਚ ਮੁਫ਼ਤ ਯਾਤਰਾ ਲਈ ਗੁਲਾਬੀ ਰੰਗ ਦਾ ਏਕਲ (ਸਿੰਗਲ) ਯਾਤਰਾ ਪਾਸ ਲੈਣਾ ਹੋਵੇਗਾ। ਇਹ ਪਾਸ ਬੱਸ ਕੰਡਕਟਰ ਤੋਂ ਹੀ ਮਿਲ ਜਾਵੇਗਾ। ਮਹਿਲਾ ਯਾਤਰੀ ਨੂੰ ਪਾਸ ਲਈ ਕੋਈ ਭੁਗਤਾਨ ਨਹੀਂ ਕਰਨਾ ਹੋਵੇਗਾ। ਇਹ ਪਾਸ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਚੱਲਣ ਵਾਲੀਆਂ ਡੀ. ਟੀ. ਸੀ. ਦੀਆਂ ਏਅਰਕੰਡੀਸ਼ਨ ਅਤੇ ਗੈਰ ਏਅਰਕੰਡੀਸ਼ਨ ਬੱਸਾਂ ਤੋਂ ਇਲਾਵਾ ਕਲਸਟਰ ਬੱਸਾਂ 'ਚ ਵੀ ਲਾਗੂ ਹੋਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਬੱਸ 'ਚ ਮੁਫ਼ਤ ਸਫਰ ਲਈ ਔਰਤ ਦਾ ਦਿੱਲੀ ਦਾ ਵਾਸੀ ਹੋਣਾ ਵੀ ਜ਼ਰੂਰੀ ਨਹੀਂ ਹੈ। ਇਹ ਯੋਜਨਾ ਫਿਲਹਾਲ ਅਗਲੇ ਸਾਲ ਮਾਰਚ ਤਕ ਲਾਗੂ ਕੀਤੀ ਗਈ ਹੈ। 

PunjabKesari

ਮਹਿਲਾ ਯਾਤਰੀਆਂ ਨੂੰ ਮੁਫ਼ਤ ਵਿਚ ਸਫਰ ਲਈ ਡੀ. ਟੀ. ਸੀ. ਨੂੰ ਘਾਟਾ ਨਾ ਹੋਵੇ, ਇਸ ਲਈ ਦਿੱਲੀ ਸਰਕਾਰ ਦਿੱਲੀ ਸਰਕਾਰ ਇਸ ਪਾਸ ਦੇ ਏਵਜ਼ 'ਚ 10 ਰੁਪਏ ਦਾ ਭੁਗਤਾਨ ਕਰੇਗੀ। ਯੋਜਨਾ ਤਹਿਤ ਰੋਜ਼ਾਨਾ 10 ਲੱਖ ਗੁਲਾਬੀ ਪਾਸ ਜਾਰੀ ਕੀਤੇ ਜਾਣਗੇ। ਡੀ. ਟੀ. ਸੀ. ਦੇ ਬੇੜੇ ਵਿਚ ਲੱਗਭਗ 3800 ਬੱਸਾਂ ਹਨ, ਜਦਕਿ ਕਲਸਟਰ ਸੇਵਾ ਤਹਿਤ 1600 ਤੋਂ ਵੱਧ ਬੱਸਾਂ ਹਨ। ਡੀ. ਟੀ. ਸੀ. 'ਚ ਰੋਜ਼ਾਨਾ ਔਸਤਨ 31 ਲੱਖ ਅਤੇ ਕਲਸਟਰ ਬੱਸਾਂ 'ਚ 12 ਲੱਖ ਯਾਤਰੀ ਯਾਤਰਾ ਕਰਦੇ ਹਨ, ਜਿਨ੍ਹਾਂ 'ਚੋਂ ਕਰੀਬ ਇਕ ਤਿਹਾਈ ਔਰਤਾਂ ਹਨ।

 


author

Tanu

Content Editor

Related News