ਦਿੱਲੀ : ED ਹੈੱਡ ਕੁਆਰਟਰ ਦੇ 5 ਕਰਮਚਾਰੀ ਨਿਕਲੇ ਕੋਰੋਨਾ ਪਾਜ਼ੀਟਿਵ, ਇਮਾਰਤ ਹੋਈ ਸੀਲ

Saturday, Jun 06, 2020 - 12:21 PM (IST)

ਦਿੱਲੀ : ED ਹੈੱਡ ਕੁਆਰਟਰ ਦੇ 5 ਕਰਮਚਾਰੀ ਨਿਕਲੇ ਕੋਰੋਨਾ ਪਾਜ਼ੀਟਿਵ, ਇਮਾਰਤ ਹੋਈ ਸੀਲ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ 5 ਕਾਮਿਆਂ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਜਾਂਚ ਏਜੰਸੀ ਦੇ ਹੈੱਡ ਕੁਆਰਟਰ ਨੂੰ ਸੋਮਵਾਰ ਤੱਕ 48 ਘੰਟਿਆਂ ਲਈ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਕਾਮਿਆਂ 'ਚ ਵਿਸ਼ੇਸ਼ ਡਾਇਰੈਕਟਰ ਰੈਂਕ ਦਾ ਇਕ ਅਧਿਕਾਰੀ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 5 'ਚੋਂ 2 ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀ ਹਨ। ਖਾਨ ਮਾਰਕੀਟ 'ਚ ਲੋਕਨਾਇਕ ਭਵਨ ਦੀਆਂ ਹੋਰ ਮੰਜ਼ਲਾਂ ਤੋਂ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਏਜੰਸੀ ਨੇ ਆਪਣੇ ਹੈੱਡ ਕੁਆਰਟਰ 'ਚ ਵਿਭਾਗਵਾਰ ਜਾਂਚ ਕਰਵਾਈ, ਜਿਸ 'ਚ ਇਹ ਕਾਮੇ ਪਾਜ਼ੀਟਿਵ ਪਾਏ ਗਏ। ਲੋਕਨਾਇਕ ਭਵਨ 'ਚ ਹੀ ਈ.ਡੀ. ਦਾ ਦਫ਼ਤਰ ਸਥਿਤ ਹੈ।

ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਿਲੇ ਈ.ਡੀ. ਦੇ ਸਾਰੇ ਕਾਮਿਆਂ 'ਚ ਇਕ ਬੀਮਾਰੀ ਦੇ ਲੱਛਣ ਨਜ਼ਰ ਨਹੀਂ ਆ ਰਹੇ ਸਨ। ਅਧਿਕਾਰੀਆਂ ਅਨੁਸਾਰ, ਜਿਨ੍ਹਾਂ ਕਾਮਿਆਂ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚ ਵਿਸ਼ੇਸ਼ ਡਾਇਰੈਕਟਰ ਰੈਂਕ ਦੇ ਇਕ ਅਧਿਕਾਰੀ ਅਤੇ 5 ਜਾਂਚ ਅਧਿਕਾਰੀ ਸ਼ਾਮਲ ਹਨ। ਸਾਰਿਆਂ ਨੂੰ ਇਲਾਜ ਲਈ ਕੁਆਰੰਟੀਨ ਕੇਂਦਰਾਂ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨਫੈਕਟਡ ਕਾਮਿਆਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪ੍ਰਕਿਰਿਆ ਅਨੁਸਾਰ, ਏੰਜਸੀ ਦੇ ਹੈੱਡ ਕੁਆਰਟਰ ਨੂੰ 48 ਘੰਟਿਆਂ ਲਈ ਸੀਲ ਕਰ ਦਿੱਤਾ ਗਿਆ ਹੈ ਅਤੇ ਉਹ ਸੋਮਵਾਰ ਨੂੰ ਕੰਮ ਕਰਨਾ ਸ਼ੁਰੂ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਜਾਂਚ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਣ ਦੇ ਬਾਅਦ ਤੋਂ ਇਹ ਕਾਮੇ ਦਫ਼ਤਰ ਨਹੀਂ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਕ੍ਰਮ 'ਚ, ਈ.ਡੀ. ਹੈੱਡ ਕੁਆਰਟਰ ਅਤੇ ਸਾਰੇ ਦਸਤਾਵੇਜ਼ਾਂ ਨੂੰ ਹਫ਼ਤੇ 'ਚ 2 ਵਾਰ ਇਨਫੈਕਸ਼ਨ ਮੁਕਤ ਕਰਨ ਦੇ ਸੰਬੰਧ 'ਚ ਇਕ ਪ੍ਰੋਟੋਕਾਲ ਤੈਅ ਕੀਤਾ ਗਿਆ। ਨਾਲ ਹੀ ਦੱਸਿਆ ਕਿ 'ਡਾਕ' ਨੂੰ ਅਧਿਕਾਰੀਆਂ ਅਤੇ ਏਜੰਸੀ ਦੇ ਹੋਰ ਸਟਾਫ਼ ਨੂੰ ਸੌਂਪਣ ਤੋਂ ਪਹਿਲਾਂ ਇਨਫੈਕਸ਼ਨ ਮੁਕਤ ਕੀਤਾ ਜਾਂਦਾ ਹੈ। ਪਿਛਲੇ ਮਹੀਨੇ ਵੀ ਈ.ਡੀ ਦਾ ਇਕ ਕਾਮਾ ਕੋਵਿਡ-19 ਦੀ ਜਾਂਚ 'ਚ ਪਾਜ਼ੀਟਿਵ ਪਾਇਆ ਗਿਆ ਸੀ।


author

DIsha

Content Editor

Related News