ਦੀਪ ਸਿੱਧੂ ਨੂੰ ਨਹੀਂ ਮਿਲੀ ਜ਼ਮਾਨਤ, ਕੋਰਟ 15 ਅਪ੍ਰੈਲ ਨੂੰ ਸੁਣਾ ਸਕਦਾ ਹੈ ਫ਼ੈਸਲਾ

Monday, Apr 12, 2021 - 02:45 PM (IST)

ਦੀਪ ਸਿੱਧੂ ਨੂੰ ਨਹੀਂ ਮਿਲੀ ਜ਼ਮਾਨਤ, ਕੋਰਟ 15 ਅਪ੍ਰੈਲ ਨੂੰ ਸੁਣਾ ਸਕਦਾ ਹੈ ਫ਼ੈਸਲਾ

ਨਵੀਂ ਦਿੱਲੀ- ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਅੱਜ ਯਾਨੀ ਸੋਮਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਕੋਰਟ ਨੇ ਮਾਮਲੇ 'ਚ 2 ਦਿਨ 'ਚ ਸਾਰੇ ਪੱਖਾਂ ਨੂੰ ਆਪਣੀਆਂ ਲਿਖਤੀ ਦਲੀਲਾਂ ਫਾਈਲ ਕਰਨ ਦਾ ਨਿਰਦੇਸ਼ ਦਿੱਤਾ। ਨਾਲ ਹੀ ਕੋਰਟ ਨੇ ਕਿਹਾ ਹੈ ਕਿ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ 'ਤੇ 15 ਅਪ੍ਰੈਲ ਨੂੰ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਦੀਪ ਸਿੱਧੂ ਵਲੋਂ ਦਲੀਲ ਦਿੱਤੀ ਗਈ ਹੈ ਕਿ ਉਹ ਹਿੰਸਾ 'ਚ ਸ਼ਾਮਲ ਨਹੀਂ ਹੋਇਆ ਅਤੇ ਉਹ ਇਕ ਜ਼ਿੰਮੇਵਾਰ ਨਾਗਰਿਕ ਹੈ। ਦੀਪ ਸਿੱਧੂ ਨੇ ਆਪਣੇ ਵਕੀਲ ਰਾਹੀਂ ਕਿਹਾ ਕਿ ਉਸ ਨੇ ਦਿੱਲੀ 'ਚ ਹਿੰਸਾ ਭੜਕਾਉਣ ਦਾ ਕੋਈ ਵੀ ਕੰਮ ਨਹੀਂ ਕੀਤਾ ਹੈ ਸਗੋਂ ਹਿੰਸਾ ਹੋਣ ਤੋਂ ਪਹਿਲਾਂ ਹੀ ਉਹ ਕਿਸਾਨ ਅੰਦੋਲਨ ਤੋਂ ਵੱਖ ਹੋ ਗਿਆ ਸੀ। ਸਿੱਧੂ ਨੇ ਕਿਹਾ ਕਿ ਮੈਂ ਹਿੰਸਾ ਤੋਂ ਪਹਿਲਾਂ ਹੀ ਲਾਲ ਕਿਲੇ ਤੋਂ ਨਿਕਲ ਗਿਆ ਸੀ ਪਰ ਮੈਂ ਇਕ ਵੀਡੀਓ ਪੋਸਟ ਕੀਤਾ ਸੀ, ਜੋ ਪੋਸਟ ਕਰਨਾ ਮੇਰੀ ਗਲਤੀ ਸੀ ਪਰ ਹਰ ਗਲਤੀ ਨੂੰ ਅਪਰਾਧ ਨਹੀਂ ਕਿਹਾ ਜਾ ਸਕਦਾ ਹੈ।
ਉੱਥੇ ਹੀ ਦਿੱਲੀ ਪੁਲਸ ਨੇ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਪੁਲਸ ਨੇ ਕਿਹਾ ਕਿ ਮਾਮਲੇ 'ਚ ਹਾਲੇ ਜਾਂਚ ਚੱਲ ਰਹੀ ਹੈ, ਜੇਕਰ ਦੀਪ ਨੂੰ ਜ਼ਮਾਨਤ ਦਿੱਤੀ ਗਈ ਤਾਂ ਗਵਾਹ ਅਤੇ ਸਬੂਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। 

ਇਹ ਵੀ ਪੜ੍ਹੋ : ਦੀਪ ਸਿੱਧੂ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਅਦਾਕਾਰ ਨੇ ਅਦਾਲਤ 'ਚ ਕਿਹਾ 'ਮੇਰਾ ਕਸੂਰ ਸਿਰਫ਼ ਇਹ ਸੀ ਕਿ...'

ਕੀ ਸੀ ਪੂਰਾ ਮਾਮਲਾ
ਦੱਸ ਦੇਈਏ ਕਿ ਗਣਤੰਤਰ ਦਿਵਸ ਵਾਲੇ ਦਿਨ ਰਾਜਧਾਨੀ 'ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ ਸੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਟਰੈਕਟਰਾਂ ਨਾਲ ਲਾਲ ਕਿਲ੍ਹੇ ਪਹੁੰਚ ਗਏ ਸਨ ਅਤੇ ਉੱਥੇ ਉਨ੍ਹਾਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ, ਜਿਸ ਦੇ ਚਲਦੇ ਦੀਪ ਸਿੱਧੂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ। 

8 ਫਰਵਰੀ ਦੀ ਰਾਤ ਦੀਪ ਸਿੱਧੂ ਨੂੰ ਕਰਨਾਲ ਬਾਈਪਾਸ ਤੋਂ ਕੀਤਾ ਸੀ ਗ੍ਰਿਫ਼ਤਾਰ 
ਦਿੱਲੀ ਪੁਲਸ ਵੱਲੋਂ ਦੀਪ ਸਿੱਧੂ ਨੂੰ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ 'ਚ ਮੁੱਖ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੀਪ ਸਿੱਧੂ 'ਤੇ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਦਿੱਲੀ ਪੁਲਸ ਵੱਲੋਂ ਕਰਨਾਲ ਬਾਈਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤੀਸ ਹਜਾਰੀ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੀਪ ਸਿੱਧੂ ਨੂੰ ਕੋਰਟ ਵੱਲੋਂ 14 ਦਿਨ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਦੀਪ ਸਿੱਧੂ ਦੀ ਕਾਨੂੰਨੀ ਮਦਦ


author

DIsha

Content Editor

Related News