ਦਿੱਲੀ ''ਚ ਮੌਸਮ ਦਾ ਵੱਖਰਾ ਮਿਜਾਜ਼; 1901 ਤੋਂ ਬਾਅਦ ਮਈ ਮਹੀਨੇ ਦੀ ਸਭ ਤੋਂ ਠੰਡੀ ਸਵੇਰ, ਛਾਈ ਧੁੰਦ
Thursday, May 04, 2023 - 06:08 PM (IST)
ਨਵੀਂ ਦਿੱਲੀ- ਦਿੱਲੀ 'ਚ ਵੀਰਵਾਰ ਸਵੇਰੇ ਮੌਸਮ ਦਾ ਵੱਖਰਾ ਰੰਗ ਦੇਖਣ ਨੂੰ ਮਿਲਿਆ। ਆਮ ਤੌਰ 'ਤੇ ਇਨ੍ਹੀਂ ਦਿਨੀਂ ਭਿਆਨਕ ਗਰਮ ਹਵਾਵਾਂ ਦੀ ਲਪੇਟ 'ਚ ਰਹਿਣ ਵਾਲੀ ਦਿੱਲੀ ਨੂੰ ਸਵੇਰੇ ਧੁੰਦ ਦੀ ਹਲਕੀ ਚਾਦਰ 'ਚ ਲਪੇਟਿਆ ਦੇਖਿਆ ਗਿਆ। ਦਿੱਲੀ ਵਾਸੀ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ। ਮਈ ਦਾ ਮਹੀਨਾ ਆਮ ਤੌਰ 'ਤੇ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਸਭ ਤੋਂ ਜ਼ਿਆਦਾ ਗਰਮ ਹੁੰਦਾ ਹੈ ਅਤੇ ਇਸ ਔਸਤ ਵੱਧ ਤੋਂ ਵੱਧ ਤਾਪਮਾਨ 39.5 ਡਿਗਰੀ ਸੈਲਸੀਅਸ ਹੁੰਦਾ ਹੈ। ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 15.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ 1901 ਤੋਂ ਬਾਅਦ ਮਈ ਦੀ ਤੀਜੀ ਸਭ ਤੋਂ ਠੰਡੀ ਸਵੇਰ ਰਹੀ।
ਇਹ ਵੀ ਪੜ੍ਹੋ- ਬੇਅੰਤ ਸਿੰਘ ਕਤਲ ਮਾਮਲਾ: ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ
ਦਿੱਲੀ ਵਾਸੀਆਂ ਨੇ ਸੋਸ਼ਲ ਮੀਡੀਆ 'ਤੇ ਸ਼ਹਿਰ 'ਚ ਸਵੇਰ ਦੀ ਧੁੰਦ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ ਅਤੇ ਦਿੱਲੀ ਦੀ ਤੁਲਨਾ ਕਸੌਲੀ ਅਤੇ ਸ਼ਿਮਲਾ ਵਰਗੇ ਪਹਾੜੀ ਸਥਾਨਾਂ ਨਾਲ ਕੀਤੀ। ਟਵਿੱਟਰ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਦਿੱਲੀ 'ਚ ਮਈ 'ਚ ਧੁੰਦ। ਮੈਂ 40 ਸਾਲਾਂ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ। ਇਕ ਹੋਰ ਦਿੱਲੀ ਵਾਸੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਗਰਮੀਆਂ ਦੀ ਸਵੇਰ ਨੂੰ ਦਿੱਲੀ 'ਚ ਧੁੰਦ। ਪਿਛਲੇ ਸਾਲ ਇਸ ਸਮੇਂ ਅਸੀਂ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੇ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਵਾ 'ਚ ਨਮੀ ਜ਼ਿਆਦਾ ਹੋਣ, ਸ਼ਾਂਤ ਹਵਾਵਾਂ ਅਤੇ ਦਿਨ ਅਤੇ ਰਾਤ ਦੇ ਤਾਪਮਾਨ 'ਚ ਵੱਡੇ ਫਰਕ ਕਾਰਨ ਧੁੰਦ ਲਈ ਅਨੁਕੂਲ ਹਾਲਾਤ ਬਣੇ ਹੋਏ ਹਨ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਹਲਕੀ ਧੁੰਦ 'ਚ ਵਿਜ਼ੀਬਿਲਟੀ 501 ਮੀਟਰ ਤੋਂ 1000 ਮੀਟਰ ਤੱਕ ਹੁੰਦੀ ਹੈ।
ਇਹ ਵੀ ਪੜ੍ਹੋ- ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ; ਜੰਤਰ-ਮੰਤਰ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਕਰਮੀ ਤਾਇਨਾਤ, ਬੈਰੀਕੇਡਜ਼ ਲਾਏ
ਦਿੱਲੀ 'ਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 30.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 9 ਡਿਗਰੀ ਘੱਟ ਹੈ। ਰਾਜਧਾਨੀ 'ਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 15.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ 1901 ਤੋਂ ਬਾਅਦ ਇਸ ਮਹੀਨੇ ਦਾ ਤੀਜਾ ਸਭ ਤੋਂ ਘੱਟ ਤਾਪਮਾਨ ਹੈ। ਇਸ ਤੋਂ ਪਹਿਲਾਂ 2 ਮਈ 1969 ਨੂੰ ਪਾਰਾ 15.1 ਡਿਗਰੀ ਸੈਲਸੀਅਸ ਦੇ ਪੱਧਰ 'ਤੇ ਪਹੁੰਚ ਗਿਆ ਸੀ। ਇਸ ਮਹੀਨੇ 2 ਮਈ 1982 ਨੂੰ ਸਭ ਤੋਂ ਘੱਟ ਤਾਪਮਾਨ 15.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।