Fact Check : ਤਿਹਾੜ ਜੇਲ੍ਹ ਦੇ ਬਾਹਰ 'ਕੇਜਰੀਵਾਲ ਆਉਣਗੇ' ਦਾ ਹੋਰਡਿੰਗ ਦਿਖਾਉਂਦੀ ਫੋਟੋ ਹੈ ਫਰਜ਼ੀ
Wednesday, Jan 08, 2025 - 03:50 PM (IST)
Fact Check By AajTak
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਚੁੱਕਿਆ ਹੈ। 5 ਫਰਵਰੀ ਨੂੰ ਵੋਟ ਪਾਏ ਜਾਣਗੇ ਅਤੇ 8 ਫਰਵਰੀ ਨੂੰ ਨਤੀਜੇ ਆਉਣਗੇ। ਦਿੱਲੀ ਦੀ ਚੋਣ ਹੱਲਚੱਲ ਵਿਚਾਲੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਤਸਵੀਰ ਦਿੱਲੀ ਸਥਿਤ ਤਿਹਾੜ ਜੇਲ੍ਹ ਦੇ ਗੇਟ ਨੰਬਰ 1 ਦੀ ਹੈ, ਜਿਸ ਦੇ ਬਾਹਰ ਇਕ ਹੋਰਡਿੰਗ ਲੱਗਾ ਹੈ। ਹੋਰਡਿੰਗ 'ਤੇ ਲਿਖਿਆ ਹੈ 'ਕੇਜਰੀਵਾਲ ਆਉਣਗੇ'। ਇਸ ਹੋਰਡਿੰਗ 'ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਸਵੀਰ ਵੀ ਲੱਗੀ ਹੋਈ ਹੈ।
ਸੋਸ਼ਲ ਮੀਡੀਆ ਯੂਜ਼ਰਸ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖ ਰਹੇ ਹਨ,''ਤਿਹਾੜ ਜੇਲ੍ਹ ਦੇ ਬਾਹਰ ਬੈਨਰ ਦੇਖਿਆ ਗਿਆ ਹੈ, ਜਿਸ 'ਚ ਲਿਖਿਆ ਹੋਇਆ ਹੈ...! ''ਫਿਰ ਆਉਣਗੇ ਕੇਜਰੀਵਾਲ...!!'' ਅਜਿਹੇ ਇਕ ਪੋਸਟ ਦਾ ਆਰਕਾਈਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਦਰਅਸਲ ਦਿੱਲੀ ਦੇ ਕਥਿਤ ਘਪਲੇ 'ਚ ਅਰਵਿੰਦ ਕੇਜਰੀਵਾਲ 177 ਦਿਨ ਤੱਕ ਤਿਹਾੜ ਜੇਲ੍ਹ 'ਚ ਰਹੇ ਸਨ। ਉਨ੍ਹਾਂ ਨੂੰ 13 ਸਤੰਬਰ ਨੂੰ ਰਿਹਾਅ ਕੀਤਾ ਗਿਆ ਸੀ। ਇਸੇ ਸੰਦਰਭ 'ਚ ਫੋਟੋ ਨੂੰ ਕੇਜਰੀਵਾਲ 'ਤੇ ਤੰਜ਼ ਕਰਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਆਜਤੱਕ ਫੈਕਟ ਚੈਕ ਨੇ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਫੋਟੋ 'ਚ 'ਕੇਜਰੀਵਾਲ ਆਉਣਗੇ' ਦਾ ਹੋਰਡਿੰਗ ਵੱਖ ਤੋਂ ਜੋੜਿਆ ਗਿਆ ਹੈ।
ਕਿਵੇਂ ਪਤਾ ਲੱਗੀ ਸੱਚਾਈ?
ਵਾਇਰਲ ਤਸਵੀਰ ਦੇ ਕੀਫ੍ਰੇਮਸ ਨੂੰ ਰਿਵਰਸ ਸਰਚ ਰਾਹੀਂ ਲੱਭਣ 'ਤੇ ਸਾਨੂੰ ਇਹ ਕਈ ਨਿਊਜ਼ ਰਿਪੋਰਟਸ 'ਚ ਮਿਲੀ। ਪਰ ਇਨ੍ਹਾਂ 'ਚੋਂ ਕਿਸੇ ਵੀ ਤਸਵੀਰ 'ਚ ਤਿਹਾੜ ਜੇਲ੍ਹ ਦੇ ਬਾਹਰ ਕੇਜਰੀਵਾਲ ਦਾ ਹੋਰਡਿੰਗ ਨਹੀਂ ਲੱਗਾ ਹੈ। ਇਸ ਤੋਂ ਸਾਨੂੰ ਪਤਾ ਲੱਗਾ ਕਿ ਵਾਇਰਲ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੀ ਤੁਲਨਾ ਕਰਨ ਨਾਲ ਵੀ ਇਹ ਗੱਲ ਸਾਫ਼ ਹੋ ਜਾਂਦੀ ਹੈ।
'ਕੇਜਰੀਵਾਲ ਆਉਣਗੇ' ਪੋਸਟ ਦੀ ਕੀ ਹੈ ਕਹਾਣੀ?
ਕੀਵਰਲਡਸ ਰਾਹੀਂ ਸਰਚ ਕਰਨ 'ਤੇ ਸਾਨੂੰ ਕਈ ਨਿਊਜ਼ ਰਿਪੋਰਟਸ ਮਿਲੀਆਂ, ਜਿਨ੍ਹਾਂ 'ਚ ਇਸ ਹੋਰਡਿੰਗ ਦਾ ਜ਼ਿਕਰ ਸੀ। ਅਗਸਤ 2024 'ਚ ਛਪੀਆਂ ਖ਼ਬਰਾਂ 'ਚ ਦੱਸਿਆ ਗਿਆ ਹੈ ਕਿ ਇਹ ਪੋਸਟਰ ਦਿੱਲੀ 'ਚ ਉਦੋਂ ਲਗਾਏ ਗਏ ਸਨ, ਜਦੋਂ ਅਰਵਿੰਦ ਕੇਜਰੀਵਾਲ ਕਥਿਤ ਸ਼ਰਾਬ ਘਪਲੇ ਦੇ ਮਾਮਲੇ 'ਚ ਜੇਲ੍ਹ 'ਚ ਸਨ। ਖ਼ਬਰਾਂ ਅਨੁਸਾਰ 23 ਅਗਸਤ ਨੂੰ ਕੇਜਰੀਵਾਲ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦੇ ਸਮਰਥਨ 'ਚ 'ਕੇਜਰੀਵਾਲ ਆਉਣਗੇ' ਦੇ ਪੋਸਟਰ ਲਗਾਏ ਗਏ ਸਨ। ਇਸੇ ਹੋਰਡਿੰਗ ਦੀ ਤਸਵੀਰ ਨੂੰ ਐਡੀਟਿੰਗ ਰਾਹੀਂ ਵਾਇਰਲ ਫੋਟੋ 'ਚ ਲਗਾ ਦਿੱਤਾ ਗਿਆ ਹੈ।
(Disclaimer: ਇਹ ਫੈਕਟ ਮੂਲ ਤੌਰ 'ਤੇ AajTak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)