ਦਿੱਲੀ : ਇਵੇਂ ਤਾਂ ਨਹੀਂ ਰੁਕਣਾ ਕੋਰੋਨਾ! ਆਜ਼ਾਦਪੁਰ ਮੰਡੀ ਖੁੱਲ੍ਹਣ ''ਤੇ ਲੱਗਾ ਜਾਮ
Tuesday, Apr 21, 2020 - 12:47 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਨਾਲ ਹੋਰ ਦੇਸ਼ਾਂ ਵਾਂਗ ਭਾਰਤ ਵੀ ਜੰਗ ਲੜ ਰਿਹਾ ਹੈ। ਇਸ ਸਮੇਂ ਪੂਰਾ ਦੇਸ਼ ਲਾਕਡਾਊਨ ਹੈ, ਜੋ ਕਿ ਆਉਣ ਵਾਲੀ 3 ਮਈ ਤਕ ਲਾਗੂ ਰਹੇਗਾ। ਸਰਕਾਰ ਜਨਤਾ ਨੂੰ ਅਪੀਲ ਕਰ ਰਹੀ ਹੈ ਕਿ ਲੋਕ ਬੇਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ। ਇਸ ਦਰਮਿਆਨ ਅੱਜ ਤੋਂ ਭਾਵ ਮੰਗਲਵਾਰ ਤੋਂ ਦਿੱਲੀ ਦੀ ਆਜ਼ਾਦਪੁਰ ਮੰਡੀ ਨੂੰ 24 ਘੰਟਿਆਂ ਲਈ ਖੋਲ੍ਹੇ ਜਾਣ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਆਜ਼ਾਦਪੁਰ ਮੰਡੀ ਦੇ ਆਲੇ-ਦੁਆਲੇ ਮੰਗਲਵਾਰ ਸਵੇਰੇ ਲੰਬਾ ਜਾਮ ਦੇਖਣ ਨੂੰ ਮਿਲਿਆ।
ਦਰਅਸਲ ਦਿੱਲੀ ਸਰਕਾਰ ਨੇ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰਾਉਣ ਅਤੇ ਕੋਰੋਨਾ ਵਾਇਰਸ ਦੇ ਫੈਲਦੇ ਇਨਫੈਕਸ਼ਨ ਦਰਮਿਆਨ ਨਵੀਂ ਵਿਵਸਥਾ ਤਿਆਰ ਕੀਤੀ ਹੈ। ਦਿੱਲੀ ਸਰਕਾਰ ਦੇ ਨਵੇਂ ਫੈਸਲੇ ਤਹਿਤ ਆਜ਼ਾਦਪੁਰ ਮੰਡੀ 'ਚ ਸਵੇਰੇ 6 ਤੋਂ ਰਾਤ 10 ਵਜੇ ਤਕ ਸਬਜ਼ੀ ਅਤੇ ਫਲਾਂ ਦੀ ਵਿਕਰੀ ਹੋਵੇਗੀ। ਜਦਕਿ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਮੰਡੀ ਅੰਦਰ ਟਰੱਕਾਂ ਦੀ ਆਵਾਜਾਈ ਹੋ ਸਕੇਗੀ। ਮੰਡੀ 'ਚ ਲੋਕਾਂ ਦੀ ਭੀੜ 'ਤੇ ਰੋਕ ਲਾਉਣ ਲਈ ਹਰ 4 ਘੰਟੇ ਦੇ ਬਰੇਕ 'ਤੇ 1000 ਟੋਕਨ ਜਾਰੀ ਕੀਤੇ ਜਾਣਗੇ। ਯਾਨੀ ਕਿ 4 ਘੰਟੇ ਦੇ ਫਰਕ ਵਿਚ ਮੰਡੀ ਅੰਦਰ ਇਕ ਹਜ਼ਾਰ ਤੋਂ ਜ਼ਿਆਦਾ ਖਰੀਦਦਾਰੀ ਨਹੀਂ ਰਹਿਣਗੇ ਪਰ ਅੱਜ ਪਹਿਲੇ ਦਿਨ 24 ਘੰਟੇ ਮੰਡੀ ਖੁੱਲ੍ਹਣ ਨਾਲ ਸੜਕਾਂ 'ਤੇ ਲੰਬਾ ਜਾਮ ਲੱਗ ਗਿਆ। ਇਸ ਤਰ੍ਹਾਂ ਹੀ ਜੇਕਰ ਰੋਜ਼ਾਨਾ ਰਿਹਾ ਤਾਂ ਫਿਰ ਕੋਰੋਨਾ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ।
ਓਧਰ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਰਾਜਧਾਨੀ 'ਚ ਸਬਜ਼ੀ ਅਤੇ ਫਲਾਂ ਦੀ ਵੱਧਦੀਆਂ ਕੀਮਤਾਂ ਅਤੇ ਕਿਸਾਨਾਂ ਨੂੰ ਉਪਜ ਦੀ ਸਹੀ ਕੀਮਤ ਨਾ ਮਿਲਣ ਦੀ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਪਿਛਲੇ ਹਫਤੇ ਆਜ਼ਾਦਪੁਰ ਮੰਡੀ 'ਚ ਬਣਾਈ ਗਈ ਵਿਵਸਥਾ ਤਹਿਤ ਸਵੇਰੇ 6 ਵਜੇ ਤੋਂ 11 ਵਜੇ ਸਬਜ਼ੀ ਦੀ ਵਿਕਰੀ ਹੋ ਰਹੀ ਸੀ, ਜਦਕਿ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਫਲਾਂ ਦੀ ਵਿਕਰੀ ਕੀਤੀ ਜਾ ਰਹੀ ਸੀ।