ਦਿੱਲੀ : ਬਿਨਾਂ ਸਕੈਨਿੰਗ ਦੇ ਨਹੀਂ ਵਿਕੇਗੀ ਸ਼ਰਾਬ ਦੀ ਕੋਈ ਵੀ ਬੋਤਲ

Friday, Apr 12, 2019 - 12:05 PM (IST)

ਨਵੀਂ ਦਿੱਲੀ — ਦਿੱਲੀ ਸਰਕਾਰ ਨੇ ਸ਼ਰਾਬ ਦੀ ਵਿਕਣ ਵਾਲੀ ਹਰ ਬੋਤਲ ਦਾ ਰਿਕਾਰਡ ਰੱਖਣ ਦੇ ਮਕਸਦ ਨਾਲ ਬੋਤਲਾਂ ਦੇ ਬਾਰ ਕੋਡ ਦੀ ਸਕੈਨਿੰਗ 'ਤੇ ਫਿਰ ਤੋਂ ਸਖਤੀ ਦਿਖਾਈ ਹੈ। ਪਿਛਲੇ ਕਈ ਮਹੀਨਿਆਂ ਤੋਂ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਾਮਯਾਬ ਨਾ ਹੁੰਦੀ ਦੇਖ ਆਬਕਾਰੀ ਵਿਭਾਗ ਨੇ ਹੁਣ ਇਸ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਸ਼ਰਾਬ ਵਿਕਰੇਤਾਵਾਂ ਨੂੰ ਆਪਣੀਆਂ ਦੁਕਾਨਾਂ 'ਤੇ ਇਸ ਮਹੀਨੇ ਤੱਕ ਸਕੈਨਿੰਗ ਦੀ ਵਿਵਸਥਾ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਅਗਲੇ ਮਹੀਨੇ ਪੜਾਅਵਾਰ ਤਰੀਕੇ ਨਾਲ ਸਕੈਨਿੰਗ ਜ਼ਰੀਏ ਹੀ ਸ਼ਰਾਬ ਵੇਚਣ ਦਾ ਨਿਰਦੇਸ਼ ਦਿੱਤਾ ਹੈ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਅਤੇ ਚੋਰੀ ਨੂੰ ਰੋਕਿਆ ਜਾ ਸਕੇਗਾ। ਅਗਲੇ ਸਾਲ 31 ਮਾਰਚ ਤੱਕ ਸ਼ਰਾਬ ਦੀ 100 ਫੀਸਦੀ ਵਿਕਰੀ ਸਕੈਨਿੰਗ ਦੁਆਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਹਾਲਾਂਕਿ ਸਰਕਾਰ ਨੇ ਪਿਛਲੇ ਸਾਲ ਫਰਵਰੀ ਤੋਂ ਸਕੈਨਿੰਗ ਦੇ ਜ਼ਰੀਏ ਹੀ ਸ਼ਰਾਬ ਵਿਕਰੀ ਦੇ ਨਿਰਦੇਸ਼ ਦਿੱਤੇ ਸਨ, ਪਰ ਸਾਰੀਆਂ ਦੁਕਾਨਾਂ 'ਤੇ ਸਕੈਨਿੰਗ ਦੀ ਵਿਵਸਥਾ ਨਾ ਹੋਣ ਕਾਰਨ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ ਅਤੇ ਇਸ ਦੇ ਨਾਲ ਹੀ ਵਿਕਰੇਤਾ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ। 

ਦਿੱਲੀ ਆਬਕਾਰੀ ਵਿਭਾਗ ਨੇ ਸਕੈਨਿੰਗ ਦੇ ਜ਼ਰੀਏ ਸ਼ਰਾਬ ਵਿਕਰੀ ਦੇ ਸੰਬੰਧ 'ਚ ਸਾਰੇ ਹਿਤਧਾਰਕਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਹੈ। ਇਸ ਆਦੇਸ਼ ਵਿਚ ਕਿਹਾ ਗਿਆ ਹੈ ਕਿ ਵਿਭਾਗ ਨੇ ਸਮੇਂ-ਸਮੇਂ 'ਤੇ ਸ਼ਰਾਬ ਦੀ ਖੇਪ ਭੇਜਣ ਅਤੇ ਇਸ ਦੀ ਵਿਕਰੀ ਬਾਰ ਕੋਡ ਸਕੈਨਿੰਗ ਦੇ ਜ਼ਰੀਏ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਅਜੇ ਤੱਕ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ। ਇਸ ਲਈ ਹੁਣ ਸਾਰੇ ਲਾਇਸੈਂਸਸ਼ੁਦਾ ਰਿਟੇਲ ਸ਼ਰਾਬ ਵਿਕਰੇਤਾ ਨੂੰ ਸਟਾਕ ਕੀਪਿੰਗ ਯੂਨਿਟ(AKU) ਦੇ ਲਈ ਮਹੀਨਾਵਾਰ ਸਟਾਕ ਮਿਲਾਨ(MSR) ਗਤੀਵਿਧੀ 30 ਅਪ੍ਰੈਲ ਤੱਕ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜਿਹੜਾ ਵਿਕਰੇਤਾ ਅਜਿਹਾ ਨਹੀਂ ਕਰੇਗਾ, ਉਸਦਾ ਟਰਾਂਸਪੋਰਟ ਪਰਮਿਟ ਬਿਨਾਂ ਕਿਸੇ ਸੂਚਨਾ ਦੇ ਰੋਕ ਦਿੱਤਾ ਜਾਵੇਗਾ। ਸਾਰੇ ਸਟਾਕ ਕੀਪਿੰਗ ਯੂਨਿਟ ਨੂੰ ਹਰ ਮਹੀਨੇ 000 ਗਤੀਵਿਧੀ ਲਾਜ਼ਮੀ ਤੌਰ 'ਤੇ ਪੂਰੀ ਕਰਨੀ ਹੋਵੇਗੀ। ਇਸ ਦੇ ਤਹਿਤ ਉਨ੍ਹਾਂ ਨੇ ਇਹ ਦੱਸਣਾ ਹੋਵੇਗਾ ਕਿ ਕਿਸ ਮਹੀਨੇ ਕਿੰਨੀ ਸ਼ਰਾਬ ਵਿਕੀ ਅਤੇ ਕਿੰਨੀ ਬਚੀ ਹੋਈ ਹੈ। ਅਜਿਹਾ ਨਾ ਕਰਨ ਵਾਲੇ ਦਾ ਲਾਇਸੈਂਸ ਆਪਣੇ ਆਪ ਰੁਕ ਜਾਵੇਗਾ। ਵਿਭਾਗ ਨੇ ਸਕੈਨਿੰਗ ਦੇ ਜ਼ਰੀਏ 100 ਫੀਸਦੀ ਸ਼ਰਾਬ ਵਿਕਰੀ ਦਾ ਟੀਚਾ ਪੜਾਅਵਾਰ ਤਰੀਕੇ ਨਾਲ ਪੂਰਾ ਕਰਨ ਦੀ ਯੋਜਨਾ ਬਣਾਈ ਹੈ। ਅਗਲੇ ਮਹੀਨੇ ਤੱਕ ਘੱਟੋ-ਘੱਟ 60 ਫੀਸਦੀ, 31 ਅਕਤੂਬਰ ਤੱਕ 95 ਫੀਸਦੀ ਅਤੇ 31 ਮਾਰਚ 2020 ਤੱਕ ਸਕੈਨਿੰਗ ਦੇ ਜ਼ਰੀਏ 100 ਫੀਸਦੀ ਵਿਕਰੀ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।


Related News