ਰੈਫਰੈਂਡਮ-2020 ਦਾ ਜ਼ਬਰਦਸਤ ਵਿਰੋਧ, ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ

08/11/2018 11:57:29 AM

ਨਵੀਂ ਦਿੱਲੀ— ਲੰਡਨ ਵਿਚ ਹੋਣ ਵਾਲੇ ਰੈਫਰੈਂਡਮ-2020 ਦੇ ਵਿਰੋਧ ਅਤੇ ਖਾਲਿਸਤਾਨ ਬਣਾਉਣ ਦੇ ਨਾਂ 'ਤੇ ਭਾਰਤ ਵਿਚ ਕਤਲੇਆਮ ਕਰਨ ਵਾਲੇ ਖਾਲਿਸਤਾਨੀ ਅੱਤਵਾਦੀਆਂ ਨੂੰ ਭਾਰਤ ਨੂੰ ਸੌਂਪਣ ਦੀ ਮੰਗ ਨੂੰ ਲੈ ਕੇ ਐਂਟੀ ਟੈਰੇਰਿਸਟ ਫਰੰਟ ਨੇ ਕੌਮੀ ਪ੍ਰਧਾਨ ਐੱਮ. ਐੱਸ. ਬਿੱਟਾ ਦੀ ਅਗਵਾਈ ਵਿਚ ਅੱਜ ਬ੍ਰਿਟਿਸ਼ ਹਾਈ ਕਮਿਸ਼ਨ  ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਤੋਂ ਬਾਅਦ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਇਕ ਮੰਗ-ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਬਿੱਟਾ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਯੂ. ਕੇ. ਵਿਚ ਸ਼ਰਨ ਲਈ ਬੈਠੇ ਅੱਤਵਾਦੀਆਂ ਨੇ ਫਿਰ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਹਿੰਦੋਸਤਾਨ ਵਿਚ ਪੰਜਾਬ ਵਿਚ ਵੱਖਰਾ ਕਰ ਕੇ ਖਾਲਿਸਤਾਨ ਸੂਬਾ ਬਣਾਉਣ ਦੀ ਮੰਗ ਨੂੰ ਲੈ ਕੇ ਉਹ ਉਥੇ ਰੈਲੀ ਕੱਢਣਗੇ ਪਰ ਉਨ੍ਹਾਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। 
ਜਾਣਕਾਰੀ ਅਨੁਸਾਰ ਬਿੱਟਾ ਦੀ ਅਗਵਾਈ ਵਿਚ ਵੱਡੀ ਤਾਦਾਦ ਵਿਚ ਪਹੁੰਚੇ ਲੋਕਾਂ ਨੇ ਤ੍ਰਿਮੂਰਤੀ ਤੋਂ ਬ੍ਰਿਟਿਸ਼ ਹਾਈ ਕਮਿਸ਼ਨ ਤੱਕ ਮਾਰਚ ਕਰ ਕੇ ਖਾਲਿਸਤਾਨੀ ਅੱਤਵਾਦੀਆਂ ਖਿਲਾਫ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਇਸ ਮੌਕੇ ਬਿੱਟਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਭਾਰਤ ਵਿਚ ਕਤਲੇਆਮ ਮਚਾਉਣ ਅਤੇ ਮਾਸੂਮ ਬੱਚਿਆਂ ਤੱਕ ਦੀ ਹੱਤਿਆ ਕਰ ਕੇ ਯੂ. ਕੇ. ਵਿਚ ਸ਼ਰਨ ਲਈ ਬੈਠੇ ਹਨ ਅਤੇ ਉਥੋਂ ਦੀ ਸਰਕਾਰ ਉਨ੍ਹਾਂ ਨੂੰ ਸਰਪ੍ਰਸਤੀ ਦੇ ਰਹੀ ਹੈ। ਇਹ ਅੱਤਵਾਦੀ 12 ਅਗਸਤ ਨੂੰ ਉਥੇ ਰੈਲੀ ਕੱਢ ਕੇ ਖਾਲਿਸਤਾਨ ਦੀ ਮੰਗ ਨੂੰ ਉਠਾਉਣਗੇ। ਉਹ ਚਾਹੁੰਦੇ ਹਨ ਹਿੰਦੋਸਤਾਨ ਨਾਲੋਂ ਪੰਜਾਬ ਨੂੰ ਵੱਖ ਕਰ ਕੇ ਉਸ ਨੂੰ ਖਾਲਿਸਤਾਨ ਸੂਬਾ ਬਣਾਇਆ ਜਾਵੇ। ਅੱਤਵਾਦੀਆਂ ਦੇ ਸੰਗਠਨ ਐੱਸ.ਐੱਸ. ਜੇ. ਦੀ ਇਸ ਮੰਗ ਨੂੰ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਨਾ ਤਾਂ ਖਾਲਿਸਤਾਨ ਬਣਿਆ ਹੈ, ਨਾ ਬਣੇਗਾ ਤੇ ਨਾ ਹੀ ਬਣਨ ਦੇਵਾਂਗੇ। ਇਹ ਐਂਟੀ ਟੈਰੇਰਿਸਟ ਫਰੰਟ ਦਾ ਐਲਾਨ ਹੈ। ਬਿੱਟਾ ਨੇ ਕਿਹਾ ਕਿ ਜੋ ਭਗੌੜੇ ਹਨ, ਉਨ੍ਹਾਂ ਨੂੰ ਯੂ. ਕੇ. ਸਰਕਾਰ ਸਰਪ੍ਰਸਤੀ ਨਾ ਦੇ ਕੇ ਭਾਰਤ ਨੂੰ ਸੌਂਪੇ ਤਾਂ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕੇ।
ਇਸ ਮੌਕੇ ਕੌਮੀ ਜਨਰਲ ਸਕੱਤਰ ਵਿਨੋਦ ਭਾਰਦਵਾਜ ਨੇ ਕਿਹਾ ਕਿ ਅੱਜ ਦਾ ਉਨ੍ਹਾਂ ਦਾ ਪ੍ਰਦਰਸ਼ਨ 12 ਅਗਸਤ ਨੂੰ ਯੂ. ਕੇ ਵਿਚ ਹੋਣ ਵਾਲੀ ਖਾਲਿਸਤਾਨੀ ਅੱਤਵਾਦੀਆਂ ਦੀ ਰੈਲੀ ਦਾ ਜਵਾਬ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਸਰਕਾਰ ਨੂੰ ਅਜਿਹੇ ਅੱਤਵਾਦੀਆਂ 'ਤੇ ਲਗਾਮ ਕੱਸਣੀ ਚਾਹੀਦੀ ਹੈ।
ਰੈਫਰੈਂਡਮ ਸਿੱਖਾਂ ਲਈ ਆਤਮਘਾਤੀ : ਬਖਸ਼ੀ
ਖਾਲਿਸਤਾਨ ਦੀ ਮੰਗ ਨੂੰ ਲੈ ਕੇ ਲੰਡਨ ਵਿਚ ਹੋਣ ਵਾਲੇ ਰੈਫਰੈਂਡਮ-2020 ਦੀ ਭਾਰਤੀ ਸਿੱਖਾਂ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਾਡਾ ਪੱਕਾ ਵਿਸ਼ਵਾਸ ਹੈ ਕਿ ਸਿੱਖਾਂ ਦਾ ਭਵਿੱਖ ਸਿਰਫ ਭਾਰਤ ਵਿਚ ਹੀ ਸੁਰੱਖਿਅਤ ਹੈ ਅਤੇ ਖਾਲਿਸਤਾਨ ਦੀ ਮੰਗ ਉਨ੍ਹਾਂ ਲਈ ਆਤਮਘਾਤੀ ਹੈ। ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਨੇ ਖਾਲਿਸਤਾਨ ਸਬੰਧੀ  ਪ੍ਰਚਾਰਿਤ ਕੀਤੇ ਜਾ ਰਹੇ ਰੈਫਰੈਂਡਮ-2020 ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਆਈ. ਐੱਸ. ਆਈ. ਏਜੰਟ ਅਤੇ ਉਨ੍ਹਾਂ ਦਾ ਸਮਰਥਨ ਪ੍ਰਾਪਤ ਸਿੱਖਾਂ ਦਾ ਇਕ ਸਮੂਹ ਇਸ ਰਾਸ਼ਟਰ ਵਿਰੋਧੀ ਸਾਜ਼ਿਸ਼ ਨੂੰ ਪਾਕਿਸਤਾਨੀ ਫੌਜ ਦੇ ਇਸ਼ਾਰਿਆਂ 'ਤੇ ਭੜਕਾ ਰਿਹਾ ਹੈ। ਸੰਗਠਨ ਦੇ ਪ੍ਰਧਾਨ ਬਖਸ਼ੀ ਪਰਮਜੀਤ ਸਿੰਘ ਨੇ ਇਸ ਦੀ ਇਕ ਵੈੱਬਸਾਈਟ ਵੀ ਤਿਆਰ ਕੀਤੀ ਹੈ, ਜਿਸ ਵਿਚ ਖਾਲਿਸਤਾਨੀਆਂ ਨੂੰ ਆਈ. ਐੱਸ. ਆਈ. ਏਜੰਟਾਂ ਦੇ ਨਾਲ ਵੇਖਿਆ ਜਾ ਸਕਦਾ ਹੈ। ਬਖਸ਼ੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਹਵਾ ਦੇਣ ਲਈ 12 ਅਗਸਤ ਨੂੰ ਕੈਨੇਡਾ ਤੇ ਇੰਗਲੈਂਡ ਆਦਿ ਦੇਸ਼ਾਂ ਵਿਚ ਪ੍ਰਦਰਸ਼ਨ ਵੀ ਕਰਨ ਵਾਲੇ ਹਨ। ਜ਼ਾਹਿਰ ਹੈ ਕਿ ਉਹ ਕਸ਼ਮੀਰ ਵਾਂਗ ਪੰਜਾਬ ਦੀ ਸ਼ਾਂਤੀ ਵੀ ਭੰਗ ਕਰਨੀ ਚਾਹੁੰਦੇ ਹਨ ਅਤੇ ਇਸ ਨੂੰ ਫਿਰ ਤੋਂ ਅੱਤਵਾਦੀ ਅੱਗ ਵਿਚ ਸੁੱਟਣਾ ਚਾਹੁੰਦੇ ਹਨ।
ਇਕਜੁੱਟ ਹੋ ਕੇ ਸਿੱਖ ਸਾਜ਼ਿਸ਼ ਨੂੰ ਦੇਣ ਜਵਾਬ 
ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਹਿੰਦੂ ਨਾ ਸਿੱਖਾਂ ਨੂੰ ਭੜਕਾ ਰਹੇ ਅਤੇ ਨਾ ਹੀ ਸਿੱਖ ਧਰਮ ਵਿਚ ਦਖਲ-ਅੰਦਾਜ਼ੀ ਕਰ ਰਹੇ ਹਨ। ਇਹ ਸਾਜ਼ਿਸ਼ ਤਾਂ ਪਾਕਿਸਤਾਨੀ ਫੌਜ ਰਚ ਰਹੀ ਹੈ, ਜੋ ਪੰਜਾਬ ਅਤੇ ਭਾਰਤ ਨੂੰ ਅਸਥਿਰ ਕਰ ਕੇ 80 ਦੇ ਦਹਾਕੇ ਵਰਗੇ ਹਾਲਾਤ ਬਣਾਉਣਾ ਚਾਹੁੰਦੀ ਹੈ। ਲਿਹਾਜ਼ਾ ਸਿੱਖਾਂ ਨੂੰ ਅਪੀਲ ਹੈ ਕਿ ਉਹ ਇਕਜੁੱਟ ਹੋ ਕੇ ਪਾਕਿਸਤਾਨੀ ਸਾਜ਼ਿਸ਼ਕਾਰੀਆਂ ਨੂੰ ਜਵਾਬ ਦੇਣ ਅਤੇ ਅਜਿਹੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ।


Related News