ਰੱਖਿਆ ਬਜਟ 50,000 ਕਰੋੜ ਰੁਪਏ ਵਧੇਗਾ! ਨਵੇਂ ਹਥਿਆਰਾਂ ਤੇ ਤਕਨਾਲੋਜੀ ''ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ
Saturday, May 17, 2025 - 09:40 AM (IST)

ਨਵੀਂ ਦਿੱਲੀ- ਪਾਕਿਸਤਾਨ ਵਿਰੁੱਧ ਆਪਰੇਸ਼ਨ ਸਿੰਦੂਰ ਤੋਂ ਬਾਅਦ ਕੇਂਦਰ ਸਰਕਾਰ ਰੱਖਿਆ ਬਜਟ ’ਚ 50,000 ਕਰੋੜ ਰੁਪਏ ਦਾ ਵਾਧਾ ਕਰ ਸਕਦੀ ਹੈ। ਰੱਖਿਆ ਮੰਤਰਾਲਾ ਨੇ ਸਰਕਾਰ ਨੂੰ ਫੰਡਾਂ ’ਚ ਵਾਧੇ ਦਾ ਪ੍ਰਸਤਾਵ ਦਿੱਤਾ ਹੈ, ਜਿਸ ਨੂੰ ਨਵੰਬਰ-ਦਸੰਬਰ ਦੌਰਾਨ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਇਸ ਫੰਡ ਤੋਂ ਨਵੇਂ ਹਥਿਆਰ, ਗੋਲਾ-ਬਾਰੂਦ ਅਤੇ ਤਕਨਾਲੋਜੀ ਖਰੀਦੀ ਜਾਵੇਗੀ। ਇਸ ਦੇ ਨਾਲ ਹੀ ਪੈਸਾ ਫੌਜ ਦੀਆਂ ਹੋਰ ਲੋੜਾਂ , ਖੋਜ ਤੇ ਵਿਕਾਸ ’ਤੇ ਵੀ ਖਰਚ ਕੀਤਾ ਜਾਵੇਗਾ। ਇਸ ਵਾਧੇ ਤੋਂ ਬਾਅਦ ਰੱਖਿਆ ਮੰਤਰਾਲਾ ਦਾ ਕੁੱਲ ਬਜਟ 7 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਕ ਫਰਵਰੀ ਨੂੰ 2025-26 ਦੇ ਪੇਸ਼ ਕੀਤੇ ਗਏ ਬਜਟ ’ਚ ਹਥਿਆਰਬੰਦ ਫੌਜਾਂ ਲਈ 6.81 ਲੱਖ ਕਰੋੜ ਰੁਪਏ ਦਾ ਰਿਕਾਰਡ ਪ੍ਰਬੰਧ ਕੀਤਾ ਸੀ। ਇਸ ਸਾਲ ਰੱਖਿਆ ਬਜਟ ਪਿਛਲੇ ਸਾਲ ਨਾਲੋਂ ਲਗਭਗ 9.5 ਫੀਸਦੀ ਵੱਧ ਹੈ।
ਭਾਰਤ ਦਾ ਰੱਖਿਆ ਬਜਟ 10 ਸਾਲਾਂ ’ਚ 3 ਗੁਣਾ ਵਧਿਆ
ਪਿਛਲੇ 10 ਸਾਲਾਂ ’ਚ ਭਾਰਤ ਦੇ ਰੱਖਿਆ ਬਜਟ ’ਚ 3 ਗੁਣਾ ਤੋਂ ਵੱਧ ਵਾਧਾ ਹੋਇਆ ਹੈ। ਸਾਲ 2014-15 ’ਚ ਰੱਖਿਆ ਬਜਟ ਅਧੀਨ 2.29 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਸਾਲ 2025-26 ’ਚ ਇਹ ਅੰਕੜਾ 6.81 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਜੋ ਕੁੱਲ ਬਜਟ ਦਾ ਲਗਭਗ 13.5 ਫੀਸਦੀ ਹੈ।
ਪਾਕਿ ਦਾ ਰੱਖਿਆ ਬਜਟ
ਪਾਕਿਸਤਾਨ ਨੇ ਆਪਣੇ ਰੱਖਿਆ ਬਜਟ ’ਚ 18 ਫੀਸਦੀ ਜਾਂ 2.5 ਟ੍ਰਿਲੀਅਨ ਪਾਕਿਸਤਾਨੀ ਰੁਪਏ ਦੇ ਵਾਧੇ ਦਾ ਐਲਾਨ ਕੀਤਾ ਹੈ। ਪਾਕਿ ਸਰਕਾਰ ਨੇ ਵਿੱਤੀ ਸਾਲ 2024-2025 ਲਈ 2122 ਬਿਲੀਅਨ ਰੁਪਏ ਦਾ ਰੱਖਿਆ ਬਜਟ ਅਲਾਟ ਕੀਤਾ ਸੀ। ਸਾਲ 2023-24 ’ਚ ਇਹ ਅੰਕੜਾ 1804 ਕਰੋੜ ਰੁਪਏ ਸੀ।
ਸਭ ਤੋਂ ਵੱਧ ਫੌਜੀ ਖਰਚ ਵਾਲੇ ਚੋਟੀ ਦੇ 5 ਦੇਸ਼
ਦੁਨੀਆ ਦੇ 5 ਸਭ ਤੋਂ ਵੱਧ ਫੌਜੀ ਖਰਚ ਕਰਨ ਵਾਲੇ ਚੋਟੀ ਦੇ ਦੇਸ਼ ਅਮਰੀਕਾ, ਚੀਨ, ਰੂਸ, ਜਰਮਨੀ ਅਤੇ ਭਾਰਤ ਹਨ। ਇਨ੍ਹਾਂ ਦਾ ਕੁੱਲ ਫੌਜੀ ਖਰਚ 1635 ਬਿਲੀਅਨ ਡਾਲਰ ਭਾਵ 136.52 ਲੱਖ ਕਰੋੜ ਰੁਪਏ ਹੈ।
ਚੀਨ 10 ਸਾਲਾਂ ਤੋਂ ਵਧਾ ਰਿਹਾ ਹੈ ਆਪਣਾ ਰੱਖਿਆ ਬਜਟ
ਇਸ ਸਾਲ ਮਾਰਚ ’ਚ ਚੀਨ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਰੱਖਿਆ ਬਜਟ ’ਚ 7.2 ਫੀਸਦੀ ਵਾਧਾ ਕਰੇਗਾ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਅਨੁਸਾਰ ਵਿਚਾਰ ਲਈ ਪੇਸ਼ ਕੀਤੇ ਗਏ ਬਜਟ ਪ੍ਰਸਤਾਵਾਂ ’ਚ ਰੱਖਿਆ ਬਜਟ ਦਾ ਅਨੁਮਾਨ 249 ਬਿਲੀਅਨ ਡਾਲਰ ਰੱਖਿਆ ਗਿਆ ਹੈ। ਚੀਨ ਲਗਾਤਾਰ 10 ਸਾਲਾਂ ਤੋਂ ਆਪਣੇ ਰੱਖਿਆ ਬਜਟ ’ਚ ਇਕ ਅੰਕ ਦਾ ਵਾਧਾ ਕਰ ਰਿਹਾ ਹੈ। ਜੇ ਅਸੀਂ ਇਸ ਨੂੰ ਜੀ. ਡੀ. ਪੀ.ਦੇ ਰੂਪ ’ਚ ਵੇਖੀਏ ਤਾਂ ਚੀਨ ਆਪਣੇ ਜੀ. ਡੀ. ਪੀ. ਦਾ 1.5 ਫੀਸਦੀ ਤੋਂ ਵੀ ਘੱਟ ਰੱਖਿਆ ’ਤੇ ਖਰਚ ਕਰ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e