ਹਿਮਾਚਲ ਤ੍ਰਾਸਦੀ : 4 ਲਾਸ਼ਾਂ ਬਰਾਮਦ ਹੋਣ ਬਾਅਦ ਮ੍ਰਿਤਕਾਂ ਦੀ ਗਿਣਤੀ 26 ਹੋਈ

Friday, Aug 09, 2024 - 05:50 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ 'ਚ 31 ਜੁਲਾਈ ਦੀ ਅੱਧੀ ਰਾਤ ਨੂੰ ਬੱਦਲ ਫਟਣ ਕਾਰਨ ਆਏ ਹੜ੍ਹ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਚਾਰ ਲਾਸ਼ਾਂ ਬਰਾਮਦ ਹੋਣ ਦੇ ਨਾਲ ਹੀ 26 ਹੋ ਗਈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 30 ਲਾਪਤਾ ਲੋਕਾਂ ਦੀ ਭਾਲ 9ਵੇਂ ਦਿਨ ਵੀ ਜਾਰੀ ਰਹੀ ਪਰ ਪੀੜਤ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੇ ਜਿਊਂਦੇ ਮਿਲਣ ਦੀ ਉਮੀਦ ਛੱਡ ਦਿੱਤੀ ਹੈ। ਸ਼ਿਮਲਾ ਜ਼ਿਲ੍ਹੇ ਦੇ ਸੁੰਨੀ ਕਸਬੇ ਨੇੜੇ ਡੋਗਰੀ ਇਲਾਕੇ 'ਚ ਅੱਜ ਸਵੇਰੇ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਸਮੇਜ 'ਚ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਮਰਨ ਵਾਲਿਆਂ 'ਚ ਤਿੰਨ ਔਰਤਾਂ ਅਤੇ ਇਕ ਨੌਜਵਾਨ ਸ਼ਾਮਲ ਹੈ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬੱਦਲ ਫਟਣ ਦੀ ਇਹ ਘਟਨਾ ਕੁੱਲੂ ਦੇ ਨਿਰਮੰਡ, ਸੈਂਜ ਅਤੇ ਮਲਾਨਾ, ਮੰਡੀ ਦੇ ਪਧਰ ਅਤੇ ਸ਼ਿਮਲਾ ਦੇ ਰਾਮਪੁਰ ਉਪਮੰਡਲ 'ਚ ਵਾਪਰੀ। ਸ਼ਿਮਲਾ ਅਤੇ ਕੁੱਲੂ ਜ਼ਿਲ੍ਹਿਆਂ ਦੀ ਸਰਹੱਦ 'ਤੇ ਸਥਿਤ ਸਮੇਜ ਪਿੰਡ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ, ਜਿੱਥੇ ਕਰੀਬ 20 ਲੋਕ ਅਜੇ ਵੀ ਲਾਪਤਾ ਹਨ। ਕੁੱਲ ਮ੍ਰਿਤਕਾਂ 'ਚੋਂ 14 ਲਾਸ਼ਾਂ ਰਾਮਪੁਰ ਤੋਂ, 9 ਲਾਸ਼ਾਂ ਮੰਡੀ ਦੇ ਰਾਜਭਾਨ ਪਿੰਡ ਤੋਂ ਅਤੇ 3 ਕੁੱਲੂ ਜ਼ਿਲ੍ਹੇ ਦੇ ਨਿਰਮੰਡ/ਬਾਗੀਪੁਲ ਤੋਂ ਬਰਾਮਦ ਕੀਤੀਆਂ ਗਈਆਂ ਹਨ। ਕਰੀਬ 85 ਕਿਲੋਮੀਟਰ ਖੇਤਰ 'ਚ ਸਰਚ ਆਪਰੇਸ਼ਨ ਜਾਰੀ ਹੈ। ਤ੍ਰਾਸਦੀ ਦੇ ਬਾਅਦ ਤੋਂ ਲਾਪਤਾ ਹੋਏ 30 ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਅਜ਼ੀਜ਼ਾਂ ਦੇ ਜਿਊਂਦੇ ਹੋਣ ਦੀ ਉਮੀਦ ਗੁਆ ਦਿੱਤੀ ਹੈ ਅਤੇ ਉਹ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਬਰਾਮਦ ਹੋਣ ਲਈ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਤਾਂ ਜੋ ਉਹ ਸਨਮਾਨ ਨਾਲ ਉਨ੍ਹਾਂ ਦਾ ਸਸਕਾਰ ਕਰ ਸਕਣ। ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਡੇਰੇ ਲਾਏ ਹੋਏ ਹਨ।

ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਸੀ ਕਿ ਲਾਸ਼ ਮਿਲਣ ਦੀ ਉਮੀਦ ਘੱਟ ਹੈ। ਇਸ ਦੌਰਾਨ, ਮੌਸਮ ਵਿਭਾਗ ਦੇ ਸਥਾਨਕ ਕੇਂਦਰ ਨੇ ਸ਼ਨੀਵਾਰ ਨੂੰ ਰਾਜ ਦੇ ਵੱਖ-ਵੱਖ ਸਥਾਨਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ, ਹਨ੍ਹੇਰੀ ਅਤੇ ਗਰਜ ਨਾਲ ਤੂਫਾਨ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਅਧਿਕਾਰੀਆਂ ਮੁਤਾਬਕ ਫ਼ੌਜ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.), ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.), ਇੰਡੋ ਤਿੱਬਤੀਅਨ ਬਾਰਡਰ ਪੁਲਸ (ਆਈ.ਟੀ.ਬੀ.ਪੀ.), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਏ.), ਹਿਮਾਚਲ ਪ੍ਰਦੇਸ਼ ਪੁਲਸ ਅਤੇ ਹੋਮ ਗਾਰਡ ਦੇ 663 ਬਚਾਅ ਕਰਮਚਾਰੀ ਭਾਲ 'ਚ ਜੁਟੇ ਹੋਏ ਹਨ। ਇਸ ਤੋਂ ਇਲਾਵਾ ਹੋਰ ਸਰਕਾਰੀ ਮਸ਼ੀਨਰੀ, ਡੌਗ ਸਕੁਐਡ, ਡਰੋਨ ਅਤੇ ਹੋਰ ਸਾਜ਼ੋ-ਸਾਮਾਨ ਵੀ ਸਰਚ ਮੁਹਿੰਮ 'ਚ ਲਗਾਈ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 27 ਜੂਨ ਤੋਂ 8 ਅਗਸਤ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਕੁੱਲ 100 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਸੂਬੇ ਨੂੰ ਕਰੀਬ 802 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News