ਹਿਮਾਚਲ ਦੇ ਕਿੰਨੌਰ ’ਚ ਜ਼ਮੀਨ ਖਿੱਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋਈ
Monday, Aug 16, 2021 - 01:21 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਜ਼ਮੀਨ ਖਿੱਸਕਣ ਵਾਲੀ ਜਗ੍ਹਾ ਤੋਂ 2 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੀਤੇ ਬੁੱਧਵਾਰ ਜ਼ਮੀਨ ਖਿੱਸਕਣ ਤੋਂ ਬਾਅਦ ਲਾਪਤਾ ਹੋਏ ਲੋਕਾਂ ਦੀ ਭਾਲ ਅਤੇ ਬਚਾਅ ਕੰਮ ਜਾਰੀ ਹੈ। ਰਾਜ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਭਾਵਨਗਰ ਥਾਣਾ ਇੰਚਾਰਜ ਵਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਨਿਛਾਰ ਤਹਿਸੀਲ ’ਚ ਰਾਸ਼ਟਰੀ ਰਾਜਮਾਰਗ 5 ’ਤੇ ਚੌਰਾ ਪਿੰਡ ਤੋਂ ਮਲਬੇ ’ਚੋਂ 2 ਹੋਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਰਾਤ ਰੋਕੀ ਗਈ ਭਾਲ ਅਤੇ ਬਚਾਅ ਮੁਹਿੰਮ ਸੋਮਵਾਰ ਸਵੇਰੇ ਮੁੜ ਸ਼ੁਰੂ। ਉਨ੍ਹਾਂ ਦੱਸਿਆ ਕਿ ਇਕ ਐੱਸ.ਯੂ.ਵੀ. ਅਤੇ ਉਸ ’ਚ ਸਵਾਰ ਯਾਤਰੀਆਂ ਜਿਨ੍ਹਾਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਸੀ, ਉਨ੍ਹਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਹੈ। ਨਾਲ ਹੀ ਕਿਹਾ ਕਿ ਇਹ ਸੰਭਵ ਹੈ ਕਿ ਵਾਹਨ ਮਲਬੇ ਨਾਲ ਹੇਠਾਂ ਡਿੱਗ ਗਿਆ ਹੋਵੇ।
ਇਹ ਵੀ ਪੜ੍ਹੋ : ਹਿਮਾਚਲ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧੀ, 9 ਲੋਕ ਅਜੇ ਵੀ ਲਾਪਤਾ
ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.), ਭਾਰਤ-ਤਿੱਬਤ ਸਰਹੱਦ ਪੁਲਸ (ਆਈ.ਟੀ.ਬੀ.ਪੀ.), ਸਥਾਨਕ ਪੁਲਸ ਅਤੇ ਹੋਮਗਾਰਡ ਦੇ ਮੈਂਬਰਾਂ ਵਲੋਂ ਸੰਯੁਕਤ ਰੂਪ ਨਾਲ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਘਟਨਾ ਦੇ ਦਿਨ, 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ 13 ਲੋਕਾਂ ਨੂੰ ਸੁਰੱਖਿਆ ਕੱਢਿਆ ਗਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਲਾਸ਼ ਅਤੇ ਬਚਾਅ ਮੁਹਿੰਮ ਦੌਰਾਨ ਕਿ ਟੈਕਸੀ ’ਚ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਬੁੱਧਵਾਰ ਨੂੰ 2 ਕਾਰਾਂ ਵੀ ਨੁਕਸਾਨੀ ਸਥਿਤੀ ’ਚ ਮਿਲੀਆਂ ਸਨ ਪਰ ਉਨ੍ਹਾਂ ਅੰਦਰ ਕੋਈ ਨਹੀਂ ਸੀ। ਵੀਰਵਾਰ ਨੂੰ ਜ਼ਮੀਨ ਖਿੱਸਕਣ ਵਾਲੀ ਜਗ੍ਹਾ ਤੋਂ ਚਾਰ ਲਾਸ਼ਾਂ ਮਿਲੀਆਂ, ਜਦੋਂ ਕਿ ਸ਼ੁੱਕਰਵਾਰ ਨੂੰ ਤਿੰਨ ਲਾਸ਼ਾਂ ਕੱਢੀਆਂ ਗਈਆਂ। ਇਸ ਤੋਂ ਬਾਅਦ ਸ਼ਨੀਵਾਰ ਨੂੰ ਮਲਬੇ ’ਚੋਂ 6 ਲਾਸ਼ਾਂ ਕੱਢੀਆਂ ਗਈਆਂ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀਰਵਾਰ ਨੂੰ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕਰਨ ਤੋਂ ਬਾਅਦ ਰਾਜ ਵਿਧਾਨ ਸਭਾ ਨੂੰ ਦੱਸਿਆ ਕਿ 16 ਲੋਕ ਹਾਲੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਸ ਤੋਂ ਬਾਅਦ ਹੁਣ ਤੱਕ 11 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਘੱਟੋ-ਘੱਟ 5 ਲੋਕ ਹਾਲੇ ਵੀ ਲਾਪਤਾ ਹਨ।
ਇਹ ਵੀ ਪੜ੍ਹੋ: ਹਿਮਾਚਲ 'ਚ ਵੱਡਾ ਹਾਦਸਾ, ਜ਼ਮੀਨ ਖਿੱਸਕਣ ਨਾਲ ਮਲਬੇ ਹੇਠ ਦਬੇ ਕਈ ਵਾਹਨ, ਕਈ ਲੋਕ ਲਾਪਤਾ