ਸੁਪਰੀਮ ਕੋਰਟ ''ਚ ਰਸੋਈਏ ਦੀ ਧੀ ਅਮਰੀਕਾ ਤੋਂ ਕਰੇਗੀ ਕਾਨੂੰਨ ਦੀ ਪੜ੍ਹਾਈ, CJI ਨੇ ਕੀਤਾ ਸਨਮਾਨਤ
Wednesday, Mar 13, 2024 - 08:01 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਅਤੇ ਸੁਪਰੀਮ ਕੋਰਟ ਦੇ ਹੋਰ ਜੱਜਾਂ ਨੇ ਬੁੱਧਵਾਰ ਨੂੰ ਇਕ ਰਸੋਈਏ ਦੀ ਧੀ ਅਤੇ ਕਾਨੂੰਨ ਖੋਜਕਰਤਾ ਪ੍ਰਗਿਆ ਨੂੰ ਸਨਮਾਨਿਤ ਕੀਤਾ, ਜਿਸ ਨੇ ਅਮਰੀਕਾ 'ਚ ਕੈਲੀਫੋਰਨੀਆ ਯੂਨੀਵਰਸਿਟੀ ਜਾਂ ਮਿਸ਼ੀਗਨ ਯੂਨੀਵਰਸਿਟੀ ਤੋਂ ਕਾਨੂੰਨ ਵਿਚ ਪੋਸਟ ਗ੍ਰੈਜੂਏਸ਼ਨ ਕਰਨ ਲਈ ਸਕਾਲਰਸ਼ਿਪ ਹਾਸਲ ਕੀਤੀ ਹੈ। ਉਹ ਸਾਰੇ ਦਿਨ ਦੇ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਕੋਰਟ ਕੰਪਲੈਕਸ ਵਿਚ ਜੱਜਾਂ ਦੇ ਲਾਉਂਜ ਵਿਚ ਇਕੱਠੇ ਹੋਏ ਅਤੇ ਸੁਪਰੀਮ ਕੋਰਟ ਦੇ ਰਸੋਈਏ ਅਜੈ ਕੁਮਾਰ ਸਾਮਲ ਦੀ ਧੀ ਪ੍ਰਗਿਆ ਦਾ ਖੜ੍ਹੇ ਹੋ ਕੇ ਸੁਆਗਤ ਕੀਤਾ। ਆਪਣੇ ਪਿਤਾ ਨੂੰ ਸੁਪਰੀਮ ਕੋਰਟ ਕੰਪਲੈਕਸ ਵਿਚ ਕੰਮ ਕਰਦੇ ਦੇਖ ਕੇ ਸ਼ਾਇਦ ਪ੍ਰਗਿਆ ਦੀ ਕਾਨੂੰਨ ਦੀ ਪੜ੍ਹਾਈ ਵਿਚ ਦਿਲਚਸਪੀ ਵਧ ਗਈ।
ਜਸਟਿਸ ਚੰਦਰਚੂੜ ਨੇ ਉਸ ਨੂੰ ਭਾਰਤੀ ਸੰਵਿਧਾਨ 'ਤੇ ਕੇਂਦਰਿਤ ਤਿੰਨ ਕਿਤਾਬਾਂ ਭੇਂਟ ਕੀਤੀਆਂ ਅਤੇ ਪ੍ਰਗਿਆ ਨੇ ਹੱਥ ਜੋੜ ਕੇ ਧੰਨਵਾਦ ਕੀਤਾ। ਇਨ੍ਹਾਂ ਕਿਤਾਬਾਂ 'ਤੇ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੇ ਦਸਤਖ਼ਤ ਹਨ। ਨੌਜਵਾਨ ਵਕੀਲ ਨੂੰ ਸਨਮਾਨਿਤ ਕਰਨ ਤੋਂ ਬਾਅਦ ਚੰਦਰਚੂੜ ਨੇ ਕਿਹਾ,"ਅਸੀਂ ਜਾਣਦੇ ਹਾਂ ਕਿ ਪ੍ਰਗਿਆ ਨੇ ਆਪਣੇ ਦਮ 'ਤੇ ਕੁਝ ਹਾਸਲ ਕੀਤਾ ਹੈ ਪਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜੋ ਕੁਝ ਵੀ ਜ਼ਰੂਰੀ ਹੈ, ਉਹ ਉਸ ਨੂੰ ਪ੍ਰਾਪਤ ਕਰਨ ਵਿਚ ਸਫ਼ਲ ਹੋਵੇ... ਅਸੀਂ ਉਮੀਦ ਕਰਦੇ ਹਾਂ ਕਿ ਉਸ ਨੂੰ ਦੇਸ਼ ਦੀ ਸੇਵਾ ਕਰਨ ਲਈ ਵਾਪਸ ਆਉਣਾ ਚਾਹੀਦਾ।" ਹੋਰ ਜੱਜਾਂ ਨੇ ਵੀ ਪ੍ਰਗਿਆ ਨੂੰ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਚੰਦਰਚੂੜ ਨੇ ਸਾਮਲ ਅਤੇ ਉਨ੍ਹਾਂ ਦੀ ਪਤਨੀ ਨੂੰ ਇਕ ਸ਼ਾਲ ਭੇਟ ਕੀਤਾ। ਚੀਫ਼ ਜਸਟਿਸ ਅਤੇ ਹੋਰ ਜੱਜਾਂ ਦੇ ਪਿਆਰ ਭਰੇ ਵਤੀਰੇ ਤੋਂ ਪ੍ਰਭਾਵਿਤ 25 ਸਾਲਾ ਵਕੀਲ ਪ੍ਰਗਿਆ ਨੇ ਕਿਹਾ ਕਿ ਚੰਦਰਚੂੜ ਉਸ ਲਈ ਪ੍ਰੇਰਨਾ ਸਰੋਤ ਹੈ। ਪ੍ਰਗਿਆ ਨੇ ਕਿਹਾ, “ਹਰ ਕੋਈ ਉਨ੍ਹਾਂ ਨੂੰ (ਜਸਟਿਸ ਚੰਦਰਚੂੜ) ਅਦਾਲਤ ਦੀ ਸੁਣਵਾਈ ਦੀ ਲਾਈਵ ਸਟ੍ਰੀਮਿੰਗ ਰਾਹੀਂ ਬੋਲਦਾ ਦੇਖ ਸਕਦਾ ਹੈ।” ਉਹ ਨੌਜਵਾਨ ਵਕੀਲਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਉਨ੍ਹਾਂ ਦੇ ਬੋਲ ਹੀਰੇ ਵਰਗੇ ਹਨ। ਉਹ ਮੇਰੀ ਪ੍ਰੇਰਣਾ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8