ਨਾਜਾਇਜ਼ ਉਸਾਰੀਆਂ ਨਾਲ ਹਿਮਾਲਿਆ ਖੇਤਰ ’ਚ ਵਧਿਆ ਆਫਤ ਦਾ ਖਤਰਾ
Saturday, Feb 03, 2024 - 12:19 PM (IST)
ਨਵੀਂ ਦਿੱਲੀ–ਜਲਵਾਯੂ ਤਬਦੀਲੀ, ਅਸਥਿਰ ਢਲਾਣਾਂ, ਹੜ੍ਹ ਵਾਲੇ ਖੇਤਰਾਂ ’ਚ ਅਣਅਧਿਕਾਰਤ ਉਸਾਰੀਆਂ ਅਤੇ ਗ੍ਰੀਨ ਲੇਅਰ ਨੂੰ ਹਟਾਉਣ ਨਾਲ ਹਿਮਾਲਿਆ ਖੇਤਰ ਵਿਚ ਆਫਤਾਂ ਦਾ ਖਤਰਾ ਵਧ ਰਿਹਾ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਨ ਡੀ. ਐੱਮ. ਏ.) ਦੀ 2023 ’ਚ ਹਿਮਾਚਲ ਪ੍ਰਦੇਸ਼ ਵਿਚ ਹੜ੍ਹਾਂ ’ਤੇ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਪੱਛਮੀ ਗੜਬੜ ਅਤੇ ਦੱਖਣ-ਪੱਛਮੀ ਮਾਨਸੂਨ ਕਾਰਨ ਪਏ ਮੋਹਲੇਧਾਰ ਮੀਂਹ ਨਾਲ ਜੁਲਾਈ ਤੋਂ ਅਗਸਤ ਵਿਚ ਉੱਤਰੀ ਭਾਰਤ ’ਚ ਵੱਡੇ ਪੱਧਰ ’ਤੇ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।
ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿਚ ਕਈ ਨਦੀਆਂ ਦਾ ਜਲ ਪੱਧਰ ਵਧ ਗਿਆ, ਜਿਸ ਨਾਲ 12 ਜ਼ਿਲਿਆਂ ਦੇ ਸ਼ਹਿਰੀ ਤੇ ਪੇਂਡੂ ਦੋਵਾਂ ਖੇਤਰਾਂ ਵਿਚ ਭਿਆਨਕ ਸਥਿਤੀ ਬਣ ਗਈ। ਐੱਨ. ਡੀ. ਐੱਮ. ਏ. ਨੇ ਕਿਹਾ ਕਿ ਸੂਬੇ ਵਿਚ 5748 ਵਾਰ ਜ਼ਮੀਨ ਖਿਸਕਣ, 45 ਵਾਰ ਬੱਦਲ ਫਟਣ (ਇਕ ਘੰਟੇ ਵਿਚ 100 ਮਿ. ਮੀ. ਤੋਂ ਵੱਧ ਮੀਂਹ) ਅਤੇ 83 ਵਾਰ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਇਸ ਆਫਤ ਕਾਰਨ 22,879 ਮਕਾਨ ਪ੍ਰਭਾਵਿਤ ਹੋਏ ਅਤੇ ਲਗਭਗ 500 ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਵਿਚ 8,665 ਕਰੋੜ ਰੁਪਏ ਦਾ ਨੁਕਸਾਨ ਹੋਇਆ। ਰਿਪੋਰਟ ਮੁਤਾਬਕ 7-11 ਜੁਲਾਈ, 2023 ਦੌਰਾਨ ਹਿਮਾਚਲ ਪ੍ਰਦੇਸ਼ ਵਿਚ 223 ਮਿ. ਮੀ. ਮੀਂਹ ਦਰਜ ਕੀਤਾ ਗਿਆ, ਜੋ ਇਸ ਮਿਆਦ ਲਈ ਆਮ ਮਾਤਰਾ 41.6 ਮਿ. ਮੀ. ਤੋਂ 436 ਫੀਸਦੀ ਵੱਧ ਹੈ।