ਤੇਲੰਗਾਨਾ ''ਚ ਝੂਠੀ ਸ਼ਾਨ ਲਈ ਕਤਲ : ਮੁਸਲਿਮ ਰਿਸ਼ਤੇਦਾਰ ਨੇ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

Friday, May 06, 2022 - 10:16 AM (IST)

ਹੈਦਰਾਬਾਦ (ਭਾਸ਼ਾ)- ਹੈਦਰਾਬਾਦ 'ਚ 25 ਸਾਲਾ ਇਕ ਹਿੰਦੂ ਨੌਜਵਾਨ ਨੂੰ ਉਸ ਦੇ ਮੁਸਲਿਮ ਰਿਸ਼ਤੇਦਾਰਾਂ ਅਤੇ ਇਕ ਹੋਰ ਵਿਅਕਤੀ ਨੇ ਬੇਰਹਿਮੀ ਨਾਲ ਮਾਰ ਦਿੱਤਾ। ਝੂਠੀ ਸ਼ਾਨ ਲਈ ਕਤਲ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਸਰੂਰਨਗਰ 'ਚ ਹੋਈ, ਜਦੋਂ ਪੀੜਤ ਬੀ ਨਾਗਰਾਜੂ ਆਪਣੀ ਪਤਨੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਸਕੂਟਰ 'ਤੇ ਆਏ ਹਮਲਾਵਰਾਂ ਸਈਅਦ ਮੋਬਿਨ ਅਹਿਮਦ ਅਤੇ ਮੁਹੰਮਦ ਮਸੂਦ ਅਹਿਮਦ ਨੇ ਜੋੜੇ ਨੂੰ ਸੜਕ 'ਤੇ ਰੋਕਿਆ ਅਤੇ ਨਾਗਰਾਜੂ 'ਤੇ ਪਹਿਲਾਂ ਲੋਹੇ ਦੀ ਛੜ ਨਾਲ ਅਤੇ ਉਸ ਤੋਂ ਬਾਅਦ ਚਾਕੂ ਨਾਲ ਵਾਰ ਕੀਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਦੋਵੇਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਸਈਅਦ ਮੋਬਿਨ ਅਹਿਮਦ ਆਪਣੀ ਭੈਣ ਨਾਗਰਾਜੂ ਨਾਲ ਸੰਬੰਧਾਂ ਖ਼ਿਲਾਫ਼ ਸੀ ਅਤੇ ਉਸ ਨੇ ਉਸ ਨੂੰ ਇਸ ਦੇ ਖ਼ਿਲਾਫ਼ ਚਿਤਾਵਨੀ ਵੀ ਦਿੱਤੀ ਸੀ।

ਇਹ ਵੀ ਪੜ੍ਹੋ : ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ

ਪੁਲਸ ਨੇ ਕਿਹਾ ਕਿ ਜੋੜੇ ਨੂੰ ਰੋਕਣ ਤੋਂ ਬਾਅਦ ਦੋਹਾਂ ਨੇ ਨਾਗਰਾਜੂ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ 'ਤੇ ਲੋਹੇ ਦੀ ਛੜ ਨਾਲ ਕਈ ਵਾਰ ਕੀਤੇ ਅਤੇ ਫਿਰ ਉਸ ਨੂੰ ਚਾਕੂ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਹਾਂ ਨੇ ਇਸ ਦੀ ਪੁਸ਼ਟੀ ਕੀਤੀ ਕਿ ਉਹ ਮਰ ਚੁਕਿਆ ਹੈ ਅਤੇ ਫਿਰ ਉੱਥੋਂ ਦੌੜ ਗਏ। ਪੁਲਸ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਡਿਪਟੀ ਕਮਿਸ਼ਨਰ (ਐੱਲ.ਬੀ. ਨਗਰ ਜ਼ੋਨ) ਸੁਨਪ੍ਰੀਤ ਸਿੰਘ ਨੇ ਦੱਸਿਆ ਕਿ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਕਤਲ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਸੋਧ ਐਕਟ, 2015 ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ। ਡੀ.ਸੀ.ਪੀ. ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਫਾਸਟ ਟ੍ਰਾਇਲ ਕੋਰਟ 'ਚ ਕੀਤੀ ਜਾਵੇਗੀ। ਨਾਗਰਾਜੂ ਦੀ ਪਤਨੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਉਸ ਨੂੰ ਪਿਛਲੇ 11 ਸਾਲਾਂ ਤੋਂ ਜਾਣਦੀ ਸੀ ਅਤੇ ਦਾਅਵਾ ਕੀਤਾ ਕਿ ਉਸ 'ਤੇ 5 ਲੋਕਾਂ ਨੇ ਹਮਲਾ ਕੀਤਾ। ਹਿੰਦੂ-ਮੁਸਲਿਮ ਜੋੜਾ ਸਕੂਲ ਅਤੇ ਕਾਲਜ 'ਚ ਸਹਿਪਾਠੀ ਸੀ ਅਤੇ ਦੋਵੇਂ 5 ਸਾਲਾਂ ਤੋਂ ਵਧ ਸਮੇਂ ਤੋਂ ਪ੍ਰੇਮ ਸੰਬੰਧ 'ਚ ਸਨ, ਜਦੋਂ ਕਿ ਉਨ੍ਹਾਂ ਦਾ ਪਰਿਵਾਰ ਇਸ ਰਿਸ਼ਤੇ ਖ਼ਿਲਾਫ਼ ਸੀ। ਦੋਹਾਂ ਨੇ ਇਸ ਸਾਲ ਜਨਵਰੀ 'ਚ ਕੁੜੀ ਦੇ ਪਰਿਵਾਰ ਦੇ ਮੈਂਬਰਾਂ ਦੀ ਇੱਛਾ ਖ਼ਿਲਾਫ਼ ਵਿਆਹ ਕਰ ਲਿਆ। ਪੁਲਸ ਨੇ ਕਿਹਾ ਕਿ ਮੋਬਿਨ ਅਹਿਮਦ ਨੇ ਪਹਿਲਾਂ ਵੀ ਆਪਣੀ ਭੈਣ ਨੂੰ ਚਿਤਾਵਨੀ ਦਿੱਤੀ ਸੀ, ਬਾਅਦ 'ਚ ਉਹ ਨਾਗਰਾਜੂ ਨਾਲ ਵਿਆਹ ਕਰਨ ਲਈ ਘਰ ਛੱਡ ਕੇ ਚੱਲੀ ਗਈ। ਪੁਲਸ ਨੇ ਕਿਹਾ ਕਿ ਉਹ ਨਾਗਰਾਜੂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਿਹਾ ਸੀ ਅਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਬੁੱਧਵਾਰ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News