ਸਿਲੰਡਰ ਬਲਾਸਟ ਮਗਰੋਂ ਇਮਾਰਤ ''ਚ ਮਚ ਗਏ ਅੱਗ ਦੇ ਭਾਂਬੜ
Thursday, May 15, 2025 - 12:25 PM (IST)

ਹੈਦਰਾਬਾਦ- ਹੈਦਰਾਬਾਦ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਇਮਾਰਤ ਵਿਚ ਸਿਲੰਡਰ ਬਲਾਸਟ ਹੋਣ ਮਗਰੋਂ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਕਰਮੀ ਮੌਕੇ 'ਤੇ ਪਹੁੰਚੇ ਅਤੇ ਇਮਾਰਤ ਅੰਦਰ ਫਸੇ ਲੋਕਾਂ ਨੂੰ ਬਚਾਇਆ, ਜਿਸ ਵਿਚ ਇਕ ਨਵਜੰਮਿਆ ਬੱਚਾ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਤੀਜੀ ਮੰਜ਼ਿਲ 'ਤੇ ਲੱਗੀ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ।
ਅਧਿਕਾਰੀਆਂ ਮੁਤਾਬਕ ਜਿਸ ਇਲਾਕੇ ਵਿਚ ਅੱਗ ਲੱਗੀ ਹੈ, ਉਹ ਬੇਗਮ ਬਾਜ਼ਾਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਜੋ ਮਹਾਰਾਜਗੰਜ ਦੇ ਅਧੀਨ ਆਉਂਦਾ ਹੈ। ਇੱਥੇ ਤਿੰਨ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ। ਦੱਸ ਦੇਈਏ ਕਿ ਮਾਰਚ ਮਹੀਨੇ ਵੀ ਹੈਦਰਾਬਾਦ ਦੇ ਪੁੱਪਲਗੁੜਾ ਇਲਾਕੇ ਵਿਚ ਅੱਗ ਲੱਗ ਗਈ ਸੀ। ਇੱਥੇ ਇਕ ਇਮਾਰਤ ਵਿਚ ਅੱਗ ਲੱਗਣ ਕਾਰਨ 7 ਸਾਲ ਦੀ ਬੱਚੀ ਸਮੇਤ ਤਿੰਨ ਲੋਕਾਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ।