3 ਕਰੋੜ ਭਾਰਤੀਆਂ ਦਾ ਨਿੱਜੀ ਡਾਟਾ ਖਤਰੇ 'ਚ, ਲੀਕ ਹੋਏ ਈਮੇਲ ਤੇ ਫੋਨ ਨੰਬਰ
Saturday, May 23, 2020 - 01:02 PM (IST)
ਗੈਜੇਟ ਡੈਸਕ— ਇਕ ਵਾਰ ਫਿਰ ਭਾਰਤੀ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਅਪਰਾਧੀਆਂ 'ਤੇ ਨਜ਼ਰ ਰੱਖਣ ਵਾਲੀ ਆਨਲਾਈਨ ਇੰਟੈਲੀਜੈਂਸ ਕੰਪਨੀ 'ਸਾਈਬਲ' ਮੁਤਾਬਕ ਸਾਈਬਰ ਅਪਰਾਧੀਆਂ ਨੇ 2.9 ਕਰੋੜ ਭਾਰਤੀਆਂ ਦੀਆਂ ਨਿੱਜੀ ਜਾਣਕਾਰੀਆਂ ਡਾਰਕ ਵੈੱਬ 'ਤੇ ਲੀਕ ਕਰ ਦਿੱਤੀਆਂ ਹਨ। ਹਾਲ ਹੀ 'ਚ ਇਸ ਕੰਪਨੀ ਨੇ ਫੇਸਬੁੱਕ ਅਤੇ ਆਨਲਾਈਨ ਐਜੁਕੇਸ਼ਨ ਵੈੱਬਸਾਈਟ ਐਨਾਕੇਡੇਮੀ 'ਤੇ ਯੂਜ਼ਰਜ਼ ਦਾ ਡਾਟਾ ਹੈਕ ਹੋਣ ਦੀ ਜਾਣਕਾਰੀ ਵੀ ਦਿੱਤੀ ਸੀ।
ਐਡਰੈੱਸ, ਈਮੇਲ, ਫੋਨ ਨੰਬਰ ਵਰਗੀਆਂ ਜਾਣਕਾਰੀਆਂ ਲੀਕ
ਸਾਈਬਲ ਨੇ ਕਿਹਾ ਕਿ ਨੌਕਰੀ ਦੀ ਭਾਲ ਕਰ ਰਹੇ 2.91 ਕਰੋੜ ਭਾਰਤੀਆਂ ਦਾ ਡਾਟਾ ਲੀਕ ਕੀਤਾ ਗਿਆ ਹੈ। ਇਸ ਵਾਰ ਵੱਡੀ ਗਿਣਤੀ 'ਚ ਡਾਟਾ ਦੀ ਚੋਰੀ ਹੋਈ ਹੈ ਅਤੇ ਉਸ ਨੂੰ ਡਰਕ ਵੈੱਬ 'ਤੇ ਪਾਇਆ ਗਿਆ ਹੈ। ਇਸ ਵਿਚ ਐਜੁਕੇਸ਼ਨ, ਐਡਰੈੱਸ, ਈਮੇਲ, ਫੋਨ ਨੰਬਰ, ਯੋਗਤਾ, ਕੰਮ ਦਾ ਅਨੁਭਵ ਵਰਗੀਆਂ ਕਈ ਸਬੰਧਿਤ ਜਾਣਕਾਰੀਆਂ ਸ਼ਾਮਲ ਹਨ। ਨੌਕਰੀ ਸਬੰਧੀ ਜਾਣਕਾਰੀ ਦੇਣ ਵਾਲੀਆਂ ਕਈ ਨਾਮੀਂ ਭਾਰਤੀ ਵੈੱਬਸਾਈਟਾਂ ਦੇ ਸਕਰੀਨਸ਼ਾਟ ਵੀ ਸਾਈਬਲ ਨੇ ਸਾਂਝੇ ਕੀਤੇ ਹਨ। ਫਿਲਹਾਲ ਕੰਪਨੀ ਉਸ ਸ੍ਰੋਤ ਦਾ ਪਤਾ ਲਗਾ ਰਹੀ ਹੈ ਜਿਥੋਂ ਡਾਟਾ ਲੀਕ ਹੋਇਆ ਹੈ।
ਲੋਕਾਂ ਦੇ ਨਾਂ 'ਤੇ ਹੋ ਸਕਦਾ ਹੈ ਘਪਲਾ
ਸਾਈਬਲ ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਅਜਿਹੀ ਜਾਣਕਾਰੀ ਇਕੱਠੀ ਕਰਕੇ ਦੂਜੇ ਲੋਕਾਂ ਦੇ ਨਾਂ 'ਤੇ ਘਪਲਾ ਜਾਂ ਜਸੂਸੀ ਵਰਗੇ ਕੰਮਾਂ ਨੂੰ ਅੰਜ਼ਾਮ ਦਿੰਦੇ ਹਨ। ਹਾਲ ਹੀ 'ਚ ਇਕ ਰਿਪੋਰਟ 'ਚ ਖੁਲਾਸਾ ਕੀਤਾ ਸੀ ਕਿ ਭਾਰਤੀ ਫਰਮਾਂ ਨੇ ਆਪਣੇ ਕੰਮਕਾਜ 'ਤੇ ਰੈਂਸਮਵੇਅਰ ਵਾਇਰਸ ਦੇ ਬੁਰੇ ਪ੍ਰਭਾਵ ਨੂੰ ਖਤਮ ਕਰਨ ਲਈ ਔਸਤਨ 8 ਕਰੋੜ ਰੁਪਏ ਤੋਂ ਜ਼ਿਆਦਾ ਦੀ ਫਿਰੌਤੀ ਦਿੱਤੀ ਹੈ।
ਫਿਰੌਤੀ ਲਈ ਵਾਇਰਸ ਹਮਲੇ
ਬੀਤੇ 12 ਮਹੀਨਿਆਂ 'ਚ ਕੁਲ ਮਿਲਾ ਕੇ 82 ਫੀਸਦੀ ਭਾਰਤੀ ਫਰਮਾਂ 'ਤੇ ਫਿਰੌਤੀ ਲਈ ਰੈਂਸਮਵੇਅਰ ਵਾਇਰਸ ਦੇ ਹਮਲੇ ਵੀ ਕੀਤੇ ਗਏ ਹਨ। ਰਿਪੋਰਟਾਂ ਮੁਤਾਬਕ, ਸਾਲ 2017 ਤੋਂ ਹੁਣ ਤਕ ਰੈਂਸਮਵੇਅਰ ਦੇ ਹਮਲਿਆਂ 'ਚ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਕੀ ਹੈ ਡਾਰਕ ਵੈੱਬ?
ਡਾਰਕ ਵੈੱਬ ਇੰਟਰਨੈੱਟ ਦਾ ਹੀ ਹਿੱਸਾ ਹੈ ਪਰ ਇਸ ਨੂੰ ਆਮ ਰੂਪ ਨਾਲ ਸਰਚ ਇੰਜਣ 'ਤੇ ਨਹੀਂ ਲੱਭਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਸਾਈਟ ਨੂੰ ਲੱਭਣ ਲਈ ਖਾਸ ਤਰ੍ਹਾਂ ਦੇ ਬ੍ਰਾਊਜ਼ਰ ਦੀ ਲੋੜ ਹੁੰਦੀ ਹੈ, ਜਿਸ ਨੂੰ ਟੋਰ ਕਹਿੰਦੇ ਹਨ।