ਇੰਦੌਰ ਪੁਲਸ ਦੀ ਵੈੱਬਸਾਈਟ ’ਤੇ ਸਾਈਬਰ ਹਮਲਾ, ‘ਪਾਕਿਸਤਾਨ ਜ਼ਿੰਦਾਬਾਦ’ ਦੇ ਲਿਖੇ ਨਾਅਰੇ
Tuesday, Jul 13, 2021 - 03:30 PM (IST)
ਇੰਦੌਰ (ਭਾਸ਼ਾ)— ਹੈਕਰਾਂ ਨੇ ਇੰਦੌਰ ਪੁਲਸ ਦੀ ਵੈੱਬਸਾਈਟ ’ਚ ਸੰਨ੍ਹ ਲਾ ਕੇ ਇਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇਤਰਾਜ਼ਯੋਗ ਗੱਲ ਨਾਲ ‘ਫਰੀ ਕਸ਼ਮੀਰ’ ਅਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਇੰਦੌਰ ਪੁਲਸ ਦੀ ਵੈੱਬਸਾਈਟ ਦੇ ‘ਕਾਨਟੈਕਟ ਅਸ’ (ਸਾਡੇ ਨਾਲ ਸੰਪਰਕ ਕਰੋ) ਭਾਗ ’ਚ ਸੀਨੀਅਰ ਅਧਿਕਾਰੀਆਂ ਦੇ ਵੇਰਵੇ ਦੇ ਪੇਜ਼ ’ਤੇ ਸਾਈਬਰ ਹਮਲਾ ਕੀਤਾ ਗਿਆ। ਇਸ ਪੇਜ਼ ’ਤੇ ਸੂਬੇ ਦੇ ਪੁਲਸ ਜਨਰਲ ਡਾਇਰੈਕਟਰ (ਡੀ. ਜੀ. ਪੀ.), ਇੰਦੌਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ. ਜੀ.) ਅਤੇ ਹੋਰ ਆਲਾ ਅਧਿਕਾਰੀਆਂ ਦੇ ਨਾਂ, ਅਹੁਦੇ ਦੇ ਨਾਂ ਅਤੇ ਉਨ੍ਹਾਂ ਦੇ ਫੋਨ ਨੰਬਰਾਂ ਦਾ ਬਿਊਰਾ ਹੁੰਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ‘ਮੁਹੰਮਦ ਬਿਲਾਲ ਟੀਮ ਪੀ. ਸੀ. ਈ.’ ਨੇ ਇੰਦੌਰ ਪੁਲਸ ਦੀ ਵੈੱਬਸਾਈਟ ’ਤੇ ਬਕਾਇਦਾ ਸੰਦੇਸ਼ ਅਤੇ ਨਾਅਰੇ ਲਿਖ ਦਿੱਤੇ। ਇੰਦੌਰ ਪੁਲਸ ਦੀ ਵੈੱਬਸਾਈਟ ਦੇ ਰੱਖ-ਰਖਾਅ ਦਾ ਜ਼ਿੰਮਾ ਅਪਰਾਧ ਰੋਕੂ ਸ਼ਾਖਾ ਕੋਲ ਹੈ। ਸ਼ਾਖਾ ਦੇ ਐਡੀਸ਼ਨਲ ਪੁਲਸ ਸੁਪਰਡੈਂਟ (ਏ. ਐੱਸ. ਪੀ.) ਗੁਰੂ ਪ੍ਰਸਾਦ ਪਾਰਾਸ਼ਰ ਨੇ ਦੱਸਿਆ ਕਿ ਤਕਨੀਕੀ ਜਾਣਕਾਰਾਂ ਦੀ ਮਦਦ ਨਾਲ ਵੈੱਬਸਾਈਟ ਨੂੰ ਇਸ ਦੇ ਮੂਲ ਰੂਪ ’ਚ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੈਕਰਾਂ ਬਾਰੇ ਵਿਸਥਾਰ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਉੱਚਿਤ ਕਮਦ ਚੁੱਕੇ ਜਾਣਗੇ।