ਰਾਸ਼ਟਰਪਤੀ ਕੋਵਿੰਦ ਬੋਲੇ- ਕੋਰੋਨਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਚੌਕਸ ਰਹੋ
Tuesday, May 03, 2022 - 04:26 PM (IST)
ਨਵੀਂ ਦਿੱਲੀ (ਭਾਸ਼ਾ)– ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕਾਂ ਨੂੰ ਚੌਕਸ ਕੀਤਾ ਕਿ ਅਜੇ ਕੋਵਿਡ-19 (ਕੋਰੋਨਾ ਵਾਇਰਸ) ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ, ਅਜਿਹੇ ’ਚ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਲੋਕ ਪਾਲਣਾ ਕਰਨ। ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ਇਲਾਕੇ ’ਚ ਭਗਵਾਨ ਮਹਾਵੀਰ ਸੁਪਰ ਸਪੈਸ਼ਲਿਸਟ ਹਸਪਤਾਲ ਦਾ ਨੀਂਹ ਪੱਥਰ ਰੱਖਣ ਮਗਰੋਂ ਕਿਹਾ, ‘‘ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਹੈ ਕਿ ਅਜੇ ਕੋਵਿਡ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਚੌਕਸ ਰਹਿਣ ਅਤੇ ਸਰਕਾਰ ਵਲੋਂ ਜਾਰੀ ਕੀਤੇ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕਰਦਾ ਹਾਂ।’’
ਰਾਸ਼ਟਰਪਤੀ ਨੇ ਕਿਹਾ ਕਿ ਜੈਨ ਧਰਮ ਦੇ ਪ੍ਰਮੋਟਰ ਨੇ ਸਦੀਆਂ ਪਹਿਲਾਂ ਮਾਸਕ ਦੀ ਵਰਤੋਂ ਨੂੰ ਸਮਝ ਲਿਆ ਸੀ, ਮੂੰਹ ਅਤੇ ਨੱਕ ਨੂੰ ਢੱਕਣ ਨਾਲ ਉਹ ਜੀਵਾਣੂ-ਹਿੰਸਾ ਤੋਂ ਬਚਾਅ ਦੇ ਨਾਲ-ਨਾਲ ਸਰੀਰ ’ਚ ਜੀਵਾਣੂਆਂ ਦੇ ਪ੍ਰਵੇਸ਼ ਨੂੰ ਵੀ ਰੋਕਦੇ ਸਨ, ਜਿਸ ਨਾਲ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਮਜ਼ਬੂਤ ਬਣੀ ਰਹਿੰਦੀ ਸੀ।
ਰਾਸ਼ਟਰਪਤੀ ਨੇ ਕਿਹਾ, ‘‘ਇਸ ਨੂੰ ਮੈਂ ਆਪਣਾ ਸੌਭਾਗ ਮੰਨਦਾ ਹਾਂ ਕਿ ਜੈਨ ਧਰਮ ਦੀਆਂ ਵੱਖ-ਵੱਖ ਧਾਰਾਵਾਂ ਨਾਲ ਮੇਰਾ ਕੁਝ ਖ਼ਾਸ ਜੁੜਾਅ ਰਿਹਾ ਹੈ ਅਤੇ ਜੈਨ ਸੰਤਾਂ ਦੀ ਖ਼ਾਸ ਜਾਣਕਾਰੀ ਵੀ ਮੈਨੂੰ ਸਮੇਂ-ਸਮੇਂ ’ਤੇ ਮਿਲਦੀ ਰਹੀ ਹੈ।’’ ਮੈਨੂੰ ਲੱਗਦਾ ਹੈ ਕਿ ਜੈਨ ਪਰੰਪਰਾ ’ਚ ਦਾਨ ਦਾ ਜੋ ਮਹੱਤਵ ਹੈ, ਉਸ ਦੇ ਪਿੱਛੇ ਕੁਦਰਤ ਦਾ ਉਹ ਅਟਲ ਨਿਯਮ ਹੈ, ਜਿਸ ਮੁਤਾਬਕ ਇਸ ਸੰਸਾਰ ’ਚ ਅਸੀਂ ਜੋ ਕੁਝ ਵੀ ਦਿੰਦੇ ਹਾਂ, ਉਸ ਦਾ ਕਈ ਗੁਣਾ ਕੁਦਰਤ ਤੋਂ ਸਾਨੂੰ ਵਾਪਸ ਮਿਲਦਾ ਹੈ।