ਮਨੁੱਖ ਦੀ ਪਹੁੰਚ ਤੋਂ ਕਿੰਨੀ ਦੂਰ 'ਕੋਰੋਨਾ ਵੈਕਸੀਨ', ਜਾਣੋ ਕਿਹੜੀ ਵੈਕਸੀਨ ਟਰਾਇਲ 'ਚ ਅੱਗੇ
Saturday, Jul 18, 2020 - 04:27 PM (IST)
ਨਵੀਂ ਦਿੱਲੀ— ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਮਚਿਆ ਹੋਇਆ ਹੈ। ਇਸ ਮਹਾਮਾਰੀ 'ਤੇ ਨੱਥ ਪਾਉਣ ਲਈ ਕੋਰੋਨਾ ਵੈਕਸੀਨ ਦੀ ਖੋਜ ਜਾਰੀ ਹੈ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਭਾਰਤ ਬਾਇਓਟੇਕ ਵਲੋਂ ਵਿਕਸਿਤ ਕੋਵਿਡ-19 ਟੀਕੇ 'ਕੋਵੈਕਸੀਨ' ਦਾ ਮਨੁੱਖਾਂ 'ਤੇ ਟਰਾਇਲ ਵੀ ਸ਼ੁਰੂ ਹੋ ਗਿਆ ਹੈ। ਭਾਰਤ ਬਾਇਓਟੇਕ ਨੂੰ ਪਿਛਲੇ ਦਿਨੀਂ ਹੀ ਉਸ ਦੇ ਕੋਰੋਨਾ ਵਾਇਰਸ ਰੋਕਥਾਮ ਟੀਕੇ ਕੋਵੈਕਸੀਨ ਦਾ ਕਲੀਨਿਕਲ ਟਰਾਇਲ ਸ਼ੁਰੂ ਕਰਨ ਲਈ ਦੇਸ਼ ਦੀ ਦਵਾਈ ਰੇਗੂਲੇਟਰ ਦੀ ਮਨਜ਼ੂਰੀ ਮਿਲੀ ਸੀ। ਸ਼ੁਰੂਆਤੀ ਡੋਜ਼ ਦਿੱਤੇ ਜਾਣ ਤੋਂ ਬਾਅਦ ਵਾਲੰਟੀਅਰਜ਼ ਵਿਚ ਕਿਸੇ ਤਰ੍ਹਾਂ ਦੇ ਸਾਈਡ-ਇਫੈਕਟਸ ਦੇਖਣ ਨੂੰ ਨਹੀਂ ਮਿਲੇ ਹਨ। ਖੋਜ 'ਚ ਸਹਿਯੋਗ ਲਈ ਡਿਪਾਰਟਮੈਂਟ ਆਫ਼ ਬਾਇਓਤਕਨਾਲੋਜੀ ਨੇ ਆਪਣੇ ਦਰਵਾਜ਼ੇ ਖੋਲ੍ਹ ਰੱਖੇ ਹਨ।
ਓਧਰ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀ ਕਿਹਾ ਹੈ ਕਿ ਕੋਰੋਨਾ ਖ਼ਿਲਾਫ਼ ਲੜਾਈ ਫੈਸਲਾਕੁੰਨ ਦੌਰ 'ਚ ਹੈ। ਦੇਸੀ ਕੋਰੋਨਾ ਵੈਕਸੀਨ ਦਾ ਮਨੁੱਖੀ ਟਰਾਇਲ ਸ਼ੁਰੂ ਹੋ ਗਿਆ ਹੈ। ਅਸੀਂ ਛੇਤੀ ਹੀ ਇਸ ਮਹਾਮਾਰੀ 'ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰ ਲਵਾਂਗੇ।
ਗਲੋਬਲ ਪੱਧਰ 'ਤੇ ਦੇਖਿਆ ਜਾਵੇ ਤਾਂ ਚੀਨੀ ਕੰਪਨੀ ਸਾਈਨੋਫਾਰਮ ਦੀ ਵੈਕਸੀਨ ਮਨੁੱਖੀ ਟਰਾਇਲ ਦੇ ਥਰਡ ਸਟੇਜ 'ਚ ਪਹੁੰਚ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟਰਾਇਲ ਦੇ ਤੀਜੇ ਪੜਾਅ 'ਚ ਪਹੁੰਚਣ ਵਾਲੀ ਦੁਨੀਆ ਦੀ ਪਹਿਲੀ ਕੋਵਿਡ-19 ਵੈਕਸੀਨ ਹੈ। ਦੱਸ ਦੇਈਏ ਕਿ ਚੀਨ 'ਚ 5, ਬ੍ਰਿਟੇਨ 'ਚ 2, ਅਮਰੀਕਾ 'ਚ 3, ਰੂਸ, ਆਸਟ੍ਰੇਲੀਆ ਅਤੇ ਜਰਮਨੀ 'ਚ 1-1 ਵੈਕਸੀਨ ਕਲੀਨਿਕਲ ਟਰਾਇਲ ਫੇਜ ਵਿਚ ਹੈ। ਭਾਰਤ ਸਮੇਤ ਕੁੱਲ ਮਿਲਾ ਕੇ ਦੁਨੀਆ ਵਿਚ 13 ਵੈਕਸੀਨ ਕਲੀਨਿਕਲ ਟਰਾਇਲ ਫੇਜ 'ਚ ਪਹੁੰਚ ਚੁੱਕੀਆਂ ਹਨ। ਓਧਰ ਡਬਲਿਊ. ਐੱਚ. ਓ. ਮੁਤਾਬਕ ਦੁਨੀਆ 'ਚ 130 ਤੋਂ ਵਧੇਰੇ ਵੈਕਸੀਨ ਉਮੀਦਵਾਰ ਹਨ। ਇਨ੍ਹਾਂ 'ਚੋਂ 20 ਤੋਂ ਜ਼ਿਆਦਾ ਅਜਿਹੀਆਂ ਹਨ, ਜੋ ਕਿ ਕਲੀਨਿਕਲ ਟਰਾਇਲ ਦੀਆਂ ਵੱਖ-ਵੱਖ ਸਟੇਜ 'ਚੋਂ ਲੰਘ ਰਹੀਆਂ ਹਨ।
ਕੋਰੋਨਾ ਲਈ 'ਰਾਮਬਣ' ਬਣੇਗੀ ਆਕਸਫੋਰਡ ਵੈਕਸੀਨ—
ਕੋਰੋਨਾ ਲਈ ਰਾਮਬਣ ਬਣੇਗੀ ਆਕਸਫੋਰਡ ਵੈਕਸੀਨ, ਜੋ ਕਿ ਰੇਸ 'ਚ ਸਭ ਤੋਂ ਅੱਗੇ ਹੈ। ਵੱਖ-ਵੱਖ ਰਿਸਰਚ 'ਚ ਸਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਅਮਰੀਕਾ ਦੀ ਮਾਡਰਨਾ ਇੰਕ ਦੀ ਵੈਕਸੀਨ ਮਨੁੱਖਾਂ 'ਤੇ ਟਰਾਇਲ 'ਚ ਸਫਲ ਰਹੀ ਹੈ। ਪਰ ਇਕ ਵੈਕਸੀਨ ਅਜਿਹੀ ਹੈ, ਜਿਸ ਤੋਂ ਦੁਨੀਆ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਹਨ, ਉਹ ਹੈ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ। ਡਬਲਿਊ. ਐੱਚ. ਓ. ਦੀ ਚੀਫ ਸਾਇੰਟਿਸਟ ਸੌਮਯਾ ਦਾ ਵੀ ਕਹਿਣਾ ਹੈ ਕਿ ਆਕਸਫੋਰਡ ਦੀ ਵੈਕਸੀਨ ਇਸ ਰੇਸ ਵਿਚ ਸਭ ਤੋਂ ਅੱਗੇ ਹਨ।
ਫੇਜ-2 ਟਰਾਇਲ 'ਚ ਇਕ ਹੋਰ ਬ੍ਰਿਟਿਸ਼ ਵੈਕਸੀਨ—
ਆਕਸਫੋਰਡ ਯੂਨੀਵਰਸਿਟੀ ਤੋਂ ਇਲਾਵਾ ਲੰਡਨ ਦੇ ਇੰਪੀਰੀਅਲ ਕਾਲਜ ਦੀ ਵੈਕਸੀਨ ਵੀ ਮਨੁੱਖਾਂ 'ਤੇ ਟਰਾਇਲ ਦੇ ਦੂਜੇ ਦੌਰ ਵਿਚ ਪਹੁੰਚ ਗਈ ਹੈ। ਵਿਗਿਆਨੀਆਂ ਦਾ ਦਾਅਵਾ ਹੈ ਪਹਿਲੇ ਪੜਾਅ ਵਿਚ ਵੈਕਸੀਨ ਨੇ ਚੰਗਾ ਪ੍ਰਭਾਵ ਦਿਖਾਇਆ ਹੈ। ਅਜੇ ਤੱਕ ਕੋਈ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ ਹੈ। ਟਰਾਇਲ ਦੇ ਦੂਜੇ ਫੇਜ ਵਿਚ 18 ਤੋਂ 75 ਸਾਲ ਦੀ ਉਮਰ ਦੇ 105 ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾਵੇਗੀ। ਇਸ ਦੇ ਚਾਰ ਹਫਤੇ ਬਾਅਦ ਉਨ੍ਹਾਂ ਨੂੰ ਬੂਸਟਰ ਡੋਜ਼ ਦਿੱਤਾ ਜਾਵੇਗਾ। ਤੀਜਾ ਟਰਾਇਲ ਨਵੰਬਰ 'ਚ 6,000 ਲੋਕਾਂ 'ਤੇ ਕਰਨ ਦੀ ਯੋਜਨਾ ਹੈ। ਦੁਨੀਆ ਵਿਚ ਜਿਨ੍ਹਾਂ ਵੈਕਸੀਨਜ਼ ਦਾ ਟੈਸਟ ਚੱਲ ਰਿਹਾ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਕਮਜ਼ੋਰ ਜਾਂ ਵਾਇਰਸ ਦਾ ਬਦਲਿਆ ਰੂਪ ਹੈ। ਜਦਕਿ ਇੰਪੀਰੀਅਲ ਕਾਲਜ ਦੀ ਵੈਕਸੀਨ ਜੈਨੇਟਿਕ ਕੋਡ ਦੇ ਸਿੰਥੇਟਿਕ ਸਟ੍ਰੈਂਡ ਦੀ ਵਰਤੋਂ ਕਰ ਕੇ ਵਾਇਰਸ ਦੇ ਅਸਰ ਨੂੰ ਖਤਮ ਕਰੇਗੀ।
ਭਾਰਤ 'ਚ ਕਿਵੇਂ ਬਣਾਈ ਗਈ ਵੈਕਸੀਨ—
ਭਾਰਤ ਬਾਇਓਟੇਟ ਦੀ ਕੋਵੈਕਸੀਨ ਇਕ 'ਇਨਐਕਟੀਵੇਟੇਡ' ਵੈਕਸੀਨ ਹੈ। ਇਹ ਉਨ੍ਹਾਂ ਕੋਰੋਨਾ ਵਾਇਰਸ ਦੇ ਕਣਾਂ ਤੋਂ ਬਣੀ ਹੈ, ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਸੀ , ਤਾਂ ਕਿ ਉਹ ਇਫੈਕਟ ਨਾ ਕਰ ਸਕਣ। ਇਸ ਦੀ ਡੋਜ਼ ਨਾਲ ਸਰੀਰ ਵਿਚ ਵਾਇਰਸ ਵਿਰੁੱਧ ਐਂਟੀਬੌਡੀਜ਼ ਬਣਦੀ ਹੈ। ਭਾਰਤੀ ਕੰਪਨੀ ਜਾਇਡਸ ਕੈਡਿਲਾ ਦੀ 'ਜ਼ੈਕਕੋਵ-ਡੀ' ਪਲਾਜ਼ਿਮਡ ਵੈਕਸੀਨ ਹੈ। ਇਹ ਵੈਕਸੀਨ ਦਰਅਸਲ ਇਕ ਤਰ੍ਹਾਂ ਡੀ. ਐੱਨ. ਏ. ਅਣੂ ਹੁੰਦੀ ਹੈ, ਜਿਸ ਵਿਚ ਐਂਟੀਜੇਨ ਵੀ ਕੋਡ ਕੀਤਾ ਜਾਂਦਾ ਹੈ। ਜਿਸ ਦਾ ਡੀ. ਐੱਨ. ਏ. ਸੀਕਵੈਂਸ ਵਾਇਰਸ ਨਾਲ ਮੈਚ ਕਰੇਗਾ ਤਾਂ ਸਰੀਰ ਉਸ ਦੇ ਵਿਰੁੱਧ ਐਂਟੀਬੌਡੀਜ਼ ਬਣਾਉਣ ਲੱਗੇਗਾ। ਭਾਰਤੀ ਕੰਪਨੀ ਜਾਇਡਸ ਕੈਡਿਲਾ ਦਾ ਕਹਿਣਾ ਹੈ ਕਿ ਉਸ ਦੀ ਵੈਕਸੀਨ ਦਾ ਟਰਾਇਲ ਅਗਲੇ ਸਾਲ ਫਰਵਰੀ ਜਾਂ ਮਾਰਚ ਤੱਕ ਪੂਰਾ ਹੋ ਸਕਦਾ ਹੈ। ਟਰਾਇਲ ਸਫਲ ਰਹਿਣ 'ਤੇ ਇਕ ਸਾਲ 'ਚ 10 ਕਰੋੜ ਡੋਜ਼ ਤਿਆਰ ਕੀਤੀਆਂ ਜਾਣਗੀਆਂ। ਜ਼ੋਕਕੋਵ-ਡੀ ਨਾਂ ਦੀ ਵੈਕਸੀਨ ਦਾ ਮਨੁੱਖੀ ਟਰਾਇਲ ਸ਼ੁਰੂ ਹੋ ਗਿਆ ਹੈ।