ਕੋਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ: ਜਲਦ WHO ਦੀ ਲਿਸਟ 'ਚ ਹੋ ਸਕਦੀ ਹੈ ਸ਼ਾਮਲ
Saturday, Jul 10, 2021 - 10:44 AM (IST)
ਨਵੀਂ ਦਿੱਲੀ- ਭਾਰਤ ਦੀ ਦੇਸੀ ਕੋਰੋਨਾ ਵੈਕਸੀਨ ਕੋਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ ਹੈ। ਭਾਰਤ ਬਾਇਓਟੇਕ ਦੀ ਕੋਵੈਕਸੀਨ ਨੂੰ ਜਲਦ ਹੀ ਡਬਲਿਊ.ਐੱਚ.ਓ. ਦੀ ਮਨਜ਼ੂਰੀ ਮਿਲਣ ਵਾਲੀ ਹੈ। ਡਬਲਿਊ.ਐੱਚ.ਓ. ਦੇ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵਲੋਂ ਭਾਰਤ 'ਚ ਹੁਣ ਤੱਕ ਉਪਯੋਗ 'ਚ ਆਉਣ ਵਾਲੀ ਇਕਮਾਤਰ ਦੇਸੀ ਵੈਕਸੀਨ ਕੋਵੈਕਸੀਨ ਨੂੰ ਅਗਲੇ 4 ਤੋਂ 6 ਹਫ਼ਤਿਆਂ 'ਚ ਐਮਰਜੈਂਸੀ ਯੂਜ਼ ਲਿਸਟਿੰਗ ਲਈ ਮਨਜ਼ੂਰੀ ਦੇਣ ਦੀ ਸੰਭਾਵਨਾ ਹੈ।
ਦੁਨੀਆ ਭਰ 'ਚ ਵੈਕਸੀਨ ਦੀ ਪਹੁੰਚ ਨੂੰ ਲੈ ਕੇ ਇਕ ਵੈਬਿਨਾਰ ਦੌਰਾਨ ਸੌਮਿਆਨਾਥ ਨੇ ਕਿਹਾ ਕਿ ਡਬਲਿਊ.ਐੱਚ.ਓ. ਦੀ ਮਨਜ਼ੂਰੀ ਲਈ ਇਕ ਪ੍ਰਕਿਰਿਆ ਦਾ ਪਾਲਣ ਹੁੰਦਾ ਹੈ। ਕੰਪਨੀਆਂ ਨੂੰ ਅਪਰੂਵਲ ਲਈ ਆਪਣਾ ਸੁਰੱਖਿਆ ਡਾਟਾ, ਪੂਰੀ ਟ੍ਰਾਇਲ ਡਾਟਾ ਅਤੇ ਇੱਥੇ ਤੱਕ ਕਿ ਨਿਰਮਾਣ ਗੁਣਵੱਤਾ ਡਾਟਾ ਵੀ ਜਮ੍ਹਾ ਕਰਨਾ ਹੁੰਦਾ ਹੈ। ਭਾਰਤ ਬਾਇਓਟੇਕ ਨੇ ਪਹਿਲਾਂ ਹੀ ਡਾਟਾ ਜਮ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਦੇ ਡੋਜ਼ੀਅਰ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਹ ਸਾਡੀ ਕਮੇਟੀ ਵਲੋਂ ਸਮੀਖਿਆ ਕੀਤੀ ਜਾਣ ਵਾਲੀ ਅਗਲੀ ਵੈਕਸੀਨ ਹੈ। ਅਗਲੇ 4 ਤੋਂ 6 ਹਫ਼ਤਿਆਂ 'ਚ ਇਸ ਨੂੰ ਅਪਰੂਵ ਕਰਨ ਨੂੰ ਲੈ ਕੇ ਫ਼ੈਸਲਾ ਲਿਆ ਜਾਵੇਗਾ।
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਡਬਲਿਊ.ਐੱਚ.ਓ. ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਕੋਵੈਕਸੀਨ ਦੇ ਟ੍ਰਾਇਲ ਡਾਟਾ ਦੀ ਤਾਰੀਫ਼ ਕੀਤੀ ਸੀ ਅਤੇ ਇਸ ਨੂੰ ਚੰਗਾ ਦੱਸਿਆ ਸੀ। ਉਨ੍ਹਾਂ ਕਿਹਾ ਕਿ ਕੋਵੈਕਸੀਨ ਦੇ ਪ੍ਰੀਖਣ ਦੇ ਨਤੀਜੇ ਸੰਤੋਸ਼ਜਨਕ ਹਨ। ਇਸ ਦੇ ਬਾਅਦ ਤੋਂ ਹੀ ਕੋਵੈਕਸੀਨ ਨੂੰ ਡਬਲਿਊ.ਐੱਚ.ਓ. ਦੀ ਮਨਜ਼ੂਰੀ ਮਿਲਣ ਦੀਆਂ ਉਮੀਦਾਂ ਵਧ ਗਈਆਂ ਹਨ। ਇਸ ਨੂੰ ਹੈਦਰਾਬਾਦ ਸਥਿਤ ਕੰਪਨੀ ਭਾਰਤ ਬਾਇਓਟੇਕ ਨੇ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨਾਲ ਮਿਲ ਕੇ ਤਿਆਰ ਕੀਤਾ ਹੈ।