ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਖ਼ਤਮ ਕਰਨ ''ਚ ਲੱਗਾ ਹੈ RSS : ਰਾਹੁਲ ਗਾਂਧੀ
Monday, Mar 24, 2025 - 02:08 PM (IST)

ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇਸ਼ ਦੇ ਭਵਿੱਖ ਅਤੇ ਸਿੱਖਿਆ ਵਿਵਸਥਾ ਨੂੰ ਖ਼ਤਮ ਕਰਨ 'ਚ ਲੱਗਾ ਹੋਇਆ ਹੈ। ਉਨ੍ਹਾਂ ਨੇ ਇੱਥੇ ਜੰਤਰ-ਮੰਤਰ 'ਤੇ 'ਇੰਡੀਆ' ਗਠਜੋੜ ਦੇ ਵੱਖ-ਵੱਖ ਦਲਾਂ ਦੀ ਵਿਦਿਆਰਥੀ ਇਕਾਈਆਂ ਦੇ ਸੰਯੁਕਤ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ਆਰ.ਐੱਸ.ਐੱਸ. ਅਤੇ ਭਾਰਤੀ ਜਨਤਾ ਪਾਰਟੀ ਨੂੰ ਮਿਲ ਕੇ ਰੋਕਣਾ ਅਤੇ ਹਰਾਉਣਾ ਹੈ। ਵਿਰੋਧੀ ਪਾਰਟੀਆਂ ਦੀ ਵਿਦਿਆਰਥੀ ਇਕਾਈਆਂ ਨੇ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਦੇ ਮਸੌਦਾ ਨਿਯਮਾਂ ਅਤੇ ਪੇਪਰ ਲੀਕ ਦੇ ਮੁੱਦਿਆਂ ਨੂੰ ਲੈ ਕੇ 'ਸੰਸਦ ਮਾਰਚ' ਦਾ ਸੱਦਾ ਦਿੱਤਾ ਸੀ। ਰਾਹੁਲ ਗਾਂਧੀ ਨੇ ਦਾਅਵਾ ਕੀਤਾ,''ਇਕ ਸੰਗਠਨ ਹਿੰਦੁਸਤਾਨ ਦਾ ਭਵਿੱਖ ਅਤੇ ਸਿੱਖਿਆ ਵਿਵਸਥਾ ਨੂੰ ਖ਼ਤਮ ਕਰਨ 'ਚ ਲੱਗਾ ਹੈ। ਉਸ ਸੰਗਠਨ ਦਾ ਨਾਂ ਆਰਐੱਸਐੱਸ ਹੈ। ਜੇਕਰ ਸਿੱਖਿਆ ਵਿਵਸਥਾ ਉਨ੍ਹਾਂ ਦੇ ਹੱਥ 'ਚ ਚੱਲੀ ਜਾਵੇਗੀ, ਜੋ ਹੌਲੀ-ਹੌਲੀ ਜਾ ਰਹੀ ਹੈ ਤਾਂ ਦੇਸ਼ ਬਰਬਾਦ ਹੋ ਜਾਵੇਗਾ ਅਤੇ ਇਸ ਦੇਸ਼ 'ਚ ਕਿਸੇ ਨੂੰ ਰੁਜ਼ਗਾਰ ਨਹੀਂ ਮਿਲੇਗਾ।'' ਉਨ੍ਹਾਂ ਦਾ ਕਹਿਣਾ ਸੀ,''ਅੱਜ ਵਿਦਿਆਰਥੀਆਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਕੁਲਪਤੀ ਆਰਐੱਸਐੱਸ ਵਲੋਂ ਨਾਮਜ਼ਦ ਹਨ ਅਤੇ ਆਉਣ ਵਾਲੇ ਸਮੇਂ 'ਚ ਰਾਜਾਂ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਕੁਲਪਤੀ ਵੀ ਆਰਐੱਸਐੱਸ ਵਲੋਂ ਨਾਮਜ਼ਦ ਹੋਣਗੇ। ਇਹ ਦੇਸ਼ ਲਈ ਖ਼ਤਰਨਾਕ ਹੈ। ਇਸ ਨੂੰ ਅਸੀਂ ਰੋਕਣਾ ਹੈ।''
ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਰੁਜ਼ਗਾਰੀ ਅਤੇ ਮਹਿੰਗਾਈ 'ਤੇ ਗੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ,''ਦੇਸ਼ 'ਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ। ਕੁਝ ਦਿਨ ਪਹਿਲੇ ਪ੍ਰਧਾਨ ਮੰਤਰੀ ਨੇ ਮਹਾਕੁੰਭ ਬਾਰੇ ਲੋਕ ਸਭਾ 'ਚ ਗੱਲ ਕੀਤੀ। ਮੈਂ ਇਹ ਬੋਲਣਾ ਚਾਹੁੰਦਾ ਸੀ ਕਿ ਕੁੰਭ ਬਾਰੇ ਗੱਲ ਕਰਨਾ ਚੰਗੀ ਗੱਲ ਹੈ ਪਰ ਭਵਿੱਖ ਬਾਰੇ ਗੱਲ ਕਰਨੀ ਚਾਹੀਦੀ ਹੈ, ਬੇਰੁਜ਼ਗਾਰੀ ਖ਼ਿਲਾਫ਼ ਗੱਲ ਕਰਨੀ ਚਾਹੀਦੀ ਹੈ।'' ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦਾਅਵਾ ਕੀਤਾ,''ਪ੍ਰਧਾਨ ਮੰਤਰੀ ਬੇਰੁਜ਼ਗਾਰੀ, ਮਹਿੰਗਾਈ ਅਤੇ ਸਿੱਖਿਆ ਵਿਵਸਥਾ ਬਾਰੇ ਗੱਲ ਨਹੀਂ ਕਰਦੇ, ਕਿਉਂਕਿ ਪ੍ਰਧਾਨ ਮੰਤਰੀ ਦਾ ਮਾਡਲ, ਭਾਜਪਾ ਅਤੇ ਆਰ.ਐੱਸ.ਐੱਸ. ਦਾ ਮਾਡਲ ਹੈ, ਜਿਸ ਦੇ ਅਧੀਨ ਅਡਾਨੀ, ਅੰਬਾਨੀ ਨੂੰ ਸਾਰਾ ਪੈਸਾ ਦੇਣਾ ਅਤੇ ਆਰਐੱਸਐੱਸ ਨੂੰ ਸਾਰੀਆਂ ਸੰਸਥਾਵਾਂ ਦਾ ਕੰਟਰੋਲ ਦੇਣਾ ਹੈ।'' ਉਨ੍ਹਾਂ ਨੇ ਵਿਦਿਆਰਥੀ ਸੰਗਠਨਾਂ ਨੂੰ ਕਿਹਾ,''ਸਾਡੀ ਵਿਚਾਰਧਾਰਾ ਅਤੇ ਨੀਤੀਆਂ 'ਤੇ ਥੋੜ੍ਹਾ ਫਰਕ ਹੋ ਸਕਦਾ ਹੈ ਪਰ ਅਸੀਂ ਹਿੰਦੁਸਤਾਨ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕਦੇ ਸਮਝੌਤਾ ਨਹੀਂ ਕਰਾਂਗੇ। ਅਸੀਂ ਮਿਲ ਕੇ ਕਦਮ ਵਧਾਵਾਂਗੇ ਅਤੇ ਆਰ.ਐੱਸ.ਐੱਸ.-ਭਾਜਪਾ ਨੂੰ ਹਰਾਵਾਂਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8