ਕੋਰੋਨਾ : ਭਾਰਤ ''ਚ ਇਕੋ ਦਿਨ 3 ਮੌਤਾਂ, ਜਾਣੋ ਮਿ੍ਰਤਕਾਂ ਤੇ ਇਨਫੈਕਟਡ ਲੋਕਾਂ ਦੀ ਗਿਣਤੀ
Thursday, Mar 26, 2020 - 06:47 AM (IST)
ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਨਜ਼ਰ ਆ ਰਹੇ ਹਨ। ਪੂਰੇ ਭਾਰਤ ਵਿਚ ਲਾਕਡਾਊਨ ਦੇ ਬਾਵਜੂਦ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪੀੜਤਾਂ ਦੀ ਗਿਣਤੀ 600 ਨੂੰ ਪਾਰ ਕਰ ਗਈ ਹੈ ਜਦੋਂ ਕਿ ਇਸ ਵਾਇਰਸ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਹੀ ਕੋਰੋਨਾ ਨਾਲ ਪ੍ਰਭਾਵਿਤ 3 ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੀ ਮੌਤ ਤਾਮਿਲਨਾਡੂ, ਫਿਰ ਮੱਧ ਪ੍ਰਦੇਸ਼ ਅਤੇ ਫਿਰ ਗੁਜਰਾਤ ਦੇ ਅਹਿਮਦਾਬਾਦ ਵਿਚ ਹੋਈ। ਭਾਰਤ ਵਿਚ ਹੁਣ ਤਕ 612 ਲੋਕਾਂ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਗੋਆ ਵਿੱਚ ਵੀ 3 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ ਅਤੇ ਇਹ ਤਿੰਨੋਂ ਵਿਦੇਸ਼ ਯਾਤਰਾ ਕਰ ਚੁੱਕੇ ਹਨ। ਗੋਆ ਵਿੱਚ ਕੋਰੋਨਾ ਦਾ ਇਹ ਪਹਿਲਾ ਮਾਮਲਾ ਹੈ। ਸਿਹਤ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ 25, 29 ਅਤੇ 55 ਸਾਲ ਦੇ ਤਿੰਨੋਂ ਵਿਅਕਤੀ ਸਪੇਨ, ਆਸਟ੍ਰੇਲੀਆ ਅਤੇ ਅਮਰੀਕਾ ਗਏ ਸਨ ਅਤੇ ਫਿਰ ਗੋਆ ਪਰਤੇ । ਤਿੰਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਤੇਲੰਗਾਨਾ ਵਿਚ ਕੋਰੋਨਾ ਦੇ ਪਾਜ਼ੀਟਵ ਮਾਮਲਿਆਂ ਦੀ ਗਿਣਤੀ 41 ਹੋ ਗਈ ਹੈ। ਬੁੱਧਵਾਰ ਨੂੰ ਸੂਬੇ ਵਿਚ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਸਰਕਾਰ ਵਲੋਂ ਜਾਰੀ ਜਾਣਕਾਰੀ ਮੁਤਾਬਕ ਇੱਕ 3 ਸਾਲਾ ਬੱਚਾ ਵੀ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ। ਇਸ ਤੋਂ ਇਲਾਵਾ ਹੈਦਰਾਬਾਦ ਸਿਟੀ ਦੀ ਇਕ 43 ਸਾਲਾ ਔਰਤ ਵੀ ਕੋਰੋਨਾ ਨਾਲ ਪੀੜਤ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਵਿਦੇਸ਼ ਜਾਣ ਦਾ ਕੋਈ ਇਤਿਹਾਸ ਨਹੀਂ ਹੈ ਪਰ ਬੱਚਾ ਹਾਲ ਹੀ ਵਿੱਚ ਸਾਊਦੀ ਦੀ ਅਰਬ ਤੋਂ ਵਾਪਸ ਆਇਆ ਹੈ।