ਦਿੱਲੀ ''ਚ ਕੋਰੋਨਾ ਨੇ ਤੋੜਿਆ ਪਿਛਲੇ 6 ਮਹੀਨਿਆਂ ਦਾ ਰਿਕਾਰਡ, 24 ਘੰਟਿਆਂ ''ਚ 2726 ਨਵੇਂ ਮਾਮਲੇ, 6 ਦੀ ਮੌਤ
Friday, Aug 12, 2022 - 03:51 AM (IST)
ਨਵੀਂ ਦਿੱਲੀ : ਵੀਰਵਾਰ ਨੂੰ ਦਿੱਲੀ 'ਚ ਕੋਵਿਡ-19 ਦੇ 2726 ਨਵੇਂ ਮਾਮਲੇ ਸਾਹਮਣੇ ਆਏ ਤੇ 6 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ ਸੰਕਰਮਣ ਦੀ ਦਰ 14.38 ਫ਼ੀਸਦੀ ਰਹੀ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਵਿੱਚ ਦਿੱਤੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਲਗਾਤਾਰ 9ਵੇਂ ਦਿਨ ਸੰਕਰਮਣ ਦੇ 2000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
ਸਿਹਤ ਵਿਭਾਗ ਨੇ ਆਪਣੇ ਤਾਜ਼ਾ ਬੁਲੇਟਿਨ ਵਿੱਚ ਕਿਹਾ ਕਿ ਵੀਰਵਾਰ ਨੂੰ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਸੰਕਰਮਿਤਾਂ ਦੀ ਕੁਲ ਗਿਣਤੀ 19,78,266 ਹੋ ਗਈ ਹੈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ 6 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 26,357 ਹੋ ਗਈ ਹੈ। ਬੁੱਧਵਾਰ ਨੂੰ ਦਿੱਲੀ ਵਿੱਚ ਕੋਵਿਡ-19 ਦੇ 2,146 ਨਵੇਂ ਮਾਮਲੇ ਸਾਹਮਣੇ ਆਏ ਤੇ 8 ਮਰੀਜ਼ਾਂ ਦੀ ਮੌਤ ਹੋ ਗਈ। ਦਿੱਲੀ 'ਚ ਕੋਰੋਨਾ ਮਾਮਲਿਆਂ ਨੇ ਕਰੀਬ ਸਾਢੇ 6 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਤਾਜ਼ਾ ਅੰਕੜਿਆਂ ਅਨੁਸਾਰ 2 ਫਰਵਰੀ ਤੋਂ ਬਾਅਦ ਵੀਰਵਾਰ ਇੰਨੇ ਕੇਸ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਦਿੱਲੀ 'ਚ ਇਕ ਵਾਰ ਫਿਰ ਮਾਸਕ ਨਾ ਪਹਿਨਣ 'ਤੇ ਜੁਰਮਾਨੇ ਦਾ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਇਸ ਵਿਵਸਥਾ ਤਹਿਤ ਨਿੱਜੀ ਚਾਰ ਪਹੀਆ ਵਾਹਨਾਂ 'ਤੇ ਇਕੱਠੇ ਸਫਰ ਕਰਨ ਵਾਲੇ ਵਿਅਕਤੀਆਂ 'ਤੇ ਜੁਰਮਾਨਾ ਲਾਗੂ ਨਹੀਂ ਹੋਵੇਗਾ।