‘ਕੋਰੋਨਾ ਦੀਆਂ ਦਵਾਈਆਂ ਹੋ ਸਕਦੀਆਂ ਹਨ ਮਹਿੰਗੀਆਂ’

Wednesday, Jul 21, 2021 - 02:20 PM (IST)

‘ਕੋਰੋਨਾ ਦੀਆਂ ਦਵਾਈਆਂ ਹੋ ਸਕਦੀਆਂ ਹਨ ਮਹਿੰਗੀਆਂ’

ਨਵੀਂ ਦਿੱਲੀ– ਆਉਣ ਵਾਲੇ ਦਿਨਾਂ ’ਚ ਕੋਰੋਨਾ ਦੇ ਇਲਾਜ ’ਚ ਜ਼ਰੂਰੀ ਦਵਾਈਆਂ ਦੀ ਕੀਮਤ ’ਚ ਬੜ੍ਹਤ ਦੇਖੀ ਜਾ ਸਕਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਦਵਾਈਆਂ ਬਣਾਉਣ ’ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਦੀ ਕੀਮਤ ਦਾ ਵਧਣਾ। ਦਵਾਈਆਂ ਦੇ ਕੱਚੇ ਮਾਲ ਯਾਨੀ ਐਕਟਿਵ ਫਾਰਮਾਸਿਊਟੀਕਲ ਇਨਗ੍ਰੇਡੀਐਂਟਸ ਯਾਨੀ ਏ. ਪੀ. ਆਈ. ਦੀਆਂ ਕੀਮਤਾਂ ’ਚ ਕੋਰੋਨਾ ਤੋਂ ਪਹਿਲਾਂ ਦੀ ਤੁਲਨਾ ’ਚ ਕਰੀਬ 140 ਫੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ। ਇਸ ਕਾਰਨ ਫਾਰਮਾ ਇੰਡਸਟਰੀ ’ਤੇ ਦਬਾਅ ਵਧਦਾ ਜਾ ਰਿਹਾ ਹੈ, ਜਿਸ ਕਾਰਨ ਦਵਾਈਆਂ ਦੀਆਂ ਕੀਮਤਾਂ ਵਧ ਸਕਦੀਆਂ ਹਨ।
ਫਾਰਮਾ ਕੰਪਨੀਆਂ ਨੂੰ ਦਰਾਮਦ ਵੀ ਕਾਫੀ ਮਹਿੰਗੀ ਪੈ ਰਹੀ ਹੈ ਅਤੇ ਨਾਲ ਹੀ ਚੀਨ ਵਲੋਂ ਸਪਲਾਈ ’ਚ ਵੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਨ੍ਹਾਂ ਸਭ ਕਾਰਨਾਂ ਕਰ ਕੇ ਦਵਾਈਆਂ ਦੀਆਂ ਕੀਮਤਾਂ ਕਰੀਬ 50 ਫੀਸਦੀ ਤੱਕ ਵਧ ਸਕਦੀਆਂ ਹਨ ਅਤੇ ਹੋ ਸਕਦਾ ਹੈ ਕਿ ਕੋਰੋਨਾ ਦੀਆਂ ਦਵਾਈਆਂ ਦੀ ਕਮੀ ਨਾਲ ਵੀ ਜੂਝਣਾ ਪਵੇ।

ਇਨ੍ਹਾਂ ਦਵਾਈਆਂ ਦੇ ਏ. ਪੀ. ਆਈ. ਹੋਏ ਮਹਿੰਗੇ
ਬੁਖਾਰ ਅਤੇ ਦਰਦ ਦੀ ਦਵਾਈ ਪੈਰਾਸਿਟਾਮੋਲ ਦੇ ਏ. ਪੀ. ਆਈ. ਦੀ ਕੀਮਤ ਕਰੀਬ 139 ਫੀਸਦੀ ਵਧ ਚੁੱਕੀ ਹੈ। ਉੱਥੇ ਹੀ ਜੀਵਨ ਰੱਖਿਅਕ ਐਂਟੀਬਾਇਓਟਿਕ ਮੇਰਾਪੇਨੇਮ (ਕੋਰੋਨਾ ਲਈ ਵੀ ਇਸ ਦਾ ਇਸਤੇਮਾਲ ਹੁੰਦਾ ਹੈ) ਦੇ ਏ. ਪੀ. ਆਈ. ਦੀ ਕੀਮਤ ’ਚ 127 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉੱਥੇ ਹੀ ਐਂਟੀ ਡਾਇਬਿਟਿਕ ਮੇਟਫਾਰਮਿਨ ਦੇ ਏ. ਪੀ. ਆਈ. ਦੀਆਂ ਕੀਮਤਾਂ ਲਗਭਗ 124 ਫੀਸਦੀ ਵਧ ਚੁੱਕੀਆਂ ਹਨ। ਭਾਰਤ ’ਚ ਕਰੀਬ 70 ਫੀਸਦੀ ਏ. ਪੀ. ਆਈ. ਦੀ ਦਰਾਮਦ ਚੀਨ ਤੋਂ ਹੁੰਦੀ ਹੈ। ਉੱਥੇ ਹੀ ਜੀਵਨ ਸੇਫੇਲੋਸਪੋਰਿੰਸ, ਏਜੀਥੋਮਾਈਸਿਨ ਅਤੇ ਪੇਨੀਸਿਲਿਨ ਵਰਗੀਆਂ ਰੱਖਿਅਕ ਐਂਟੀਬਾਇਓਟਿਕਸ ਲਈ ਚੀਨ ’ਤੇ ਨਿਰਭਰਤਾ ਕਰੀਬ 90 ਫੀਸਦੀ ਹੈ।

ਮਰੀਜ਼ਾਂ ’ਤੇ ਹੀ ਪਵੇਗਾ ਸਾਰਾ ਬੋਝ
ਦਵਾਈਆਂ ਦੀਆਂ ਕੀਮਤਾਂ ਸਰਕਾਰ ਦੇ ਕੰਟਰੋਲ ’ਚ ਹੋਣ ਕਾਰਨ ਕੰਪਨੀਆਂ ਨੂੰ ਉੱਚੀ ਕੀਮਤ ’ਤੇ ਵੀ ਕੱਚਾ ਮਾਲ ਲੈਣਾ ਪੈ ਰਿਹਾ ਹੈ, ਜਿਸ ਨਾਲ ਭਵਿੱਖ ’ਚ ਦਵਾਈਆਂ ਦੀ ਕਮੀ ਦਾ ਖਤਰਾ ਵੀ ਹੈ। ਅਜਿਹੇ ’ਚ ਦਵਾਈ ਕੰਪਨੀਆਂ ਕੁਝ ਹਾਈ-ਵੈਲਯੂ ਪ੍ਰੋਡਕਟ ਵੱਲ ਮੁੜ ਸਕਦੀਆਂ ਹਨ, ਜਿਨ੍ਹਾਂ ’ਚ ਮੁਨਾਫਾ ਵੱਧ ਹੈ। ਹੋ ਸਕਦਾ ਹੈ ਕਿ ਕੁਝ ਦਵਾਈਆਂ ਰਿਟੇਲ ਸ਼ੈਲਫ ਤੋਂ ਗਾਇਬ ਹੀ ਹੋ ਜਾਣ, ਕਿਉਂਕਿ ਮੁਨਾਫਾ ਘੱਟ ਹੋਣ ਜਾਂ ਨੁਕਸਾਨ ਕਾਰਨ ਕੰਪਨੀਆਂ ਉਨ੍ਹਾਂ ਨੂੰ ਬਣਾਉਣਾ ਹੀ ਬੰਦ ਕਰ ਸਕਦੀਆਂ ਹਨ। ਫਾਰਮਾ ਇੰਡਸਟਰੀ ਦੇ ਮਾਹਰ ਮੰਨਦੇ ਹਨ ਕਿ ਅਜਿਹੇ ’ਚ ਸਾਰਾ ਬੋਝ ਮਰੀਜ਼ਾਂ ’ਤੇ ਪੈ ਸਕਦਾ ਹੈ, ਜਿਨ੍ਹਾਂ ਨੂੰ ਮਜ਼ਬੂਰ ਹੋ ਕੇ ਮਹਿੰਗਾਈਆਂ ਦਵਾਈਆਂ ਵੱਲ ਮੁੜਨਾ ਪਵੇਗਾ।


author

Rakesh

Content Editor

Related News