ਕੋਰੋਨਾ : ਹਾਈਡ੍ਰੋਕਸੀ ਕਲੋਰੋਕਵੀਨ ਦਵਾਈ ਦੇ ਇਸਤੇਮਾਲ ਨਾਲ ਦਿਲ ਦੀ ਬੀਮਾਰੀ ਤੇ ਸ਼ੂਗਰ ਦਾ ਖਤਰਾ
Friday, Apr 10, 2020 - 01:48 AM (IST)
ਟੋਰਾਂਟੋ - ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਦੇ ਇਲਾਜ ਅਤੇ ਇਸ ਦੀ ਰੋਕਥਾਮ ਦੇ ਲਈ ਲਾਹੇਵੰਦ ਦੱਸੀਆਂ ਜਾ ਰਹੀਆਂ ਕੁਝ ਦਵਾਈਆਂ ਜਿਵੇਂ ਕਲੋਰੋਕਵੀਨ, ਹਾਈਡ੍ਰੋਕਸੀ ਕਲੋਰੋਕਵੀਨ ਅਤੇ ਐਜ਼ੀਥਰੋਮਾਇਸਨ ਦੇ ਇਸਤੇਮਾਲ ਨਾਲ ਮਰੀਜ਼ਾਂ 'ਤੇ ਮਾਡ਼ੇ ਪ੍ਰਭਾਵ ਵੀ ਪੈ ਸਕਦੇ ਹਨ। ਅਧਿਐਨ ਵਿਚ ਆਖਿਆ ਗਿਆ ਹੈ ਕਿ ਇਨ੍ਹਾਂ ਦਵਾਈਆਂ ਦਾ ਸੇਵਨ ਕਰਨ ਨਾਲ ਮਰੀਜ਼ ਨੂੰ ਅਨਿਯਮਤ ਦਿਲ ਦੀ ਧਡ਼ਕਣ ਦੇ ਨਾਲ ਖੂਨ ਵਿਚ ਗਲੂਕੋਜ਼ ਦਾ ਪੱਧਰ ਘੱਟ ਹੋਣ ਦਾ ਵੀ ਖਤਰਾ ਹੋ ਸਕਦਾ ਹੈ। ਹਾਲਾਂਕਿ, ਇਨ੍ਹਾਂ ਦਵਾਈਆਂ ਦਾ ਇਸਤੇਮਾਲ ਕੋਵਿਡ-19 ਲਈ ਕਿੰਨਾ ਕਾਰਗਰ ਹੈ, ਇਸ ਨੂੰ ਲੈ ਕੇ ਪੁਖਤਾ ਸਬੂਤ ਨਹੀਂ ਹਨ।
ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ, ਇਨ੍ਹਾਂ ਦਵਾਈਆਂ ਦੇ ਇਸਤੇਮਾਲ ਅਤੇ ਪ੍ਰਬੰਧਨ ਨੂੰ ਲੈ ਕੇ ਉਪਲੱਬਧ ਸਬੂਤਾਂ ਦੇ ਆਧਾਰ 'ਤੇ ਇਨ੍ਹਾਂ ਦੇ ਮਾਡ਼ੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਆਈ. ਸੀ. ਈ. ਐਸ. ਦੇ ਸੀਨੀਅਰ ਸਾਇੰਸਦਾਨ ਡੇਵਿਡ ਜੁਰਲਿੰਕ ਨੇ ਆਖਿਆ ਕਿ ਡਾਕਟਰਾਂ ਅਤੇ ਮਰੀਜ਼ਾਂ ਨੂੰ ਕਲੋਰੋਕਵੀਨ ਅਤੇ ਹਾਈਡ੍ਰੋਕਸੀ ਕਲੋਰੋਕਵੀਨ ਦੇ ਕਈ ਸੰਭਾਵੀ ਮਾਡ਼ੇ ਪ੍ਰਭਾਵਾਂ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ।
ਸਾਇੰਸਦਾਨਾਂ ਮੁਤਾਬਕ, ਇਨ੍ਹਾਂ ਦਵਾਈਆਂ ਦੇ ਇਸਤੇਮਾਲ ਤੋਂ ਅਨਿਯਮਤ ਦਿਲ ਦੀ ਧਡ਼ਕਣ, ਖੂਨ ਵਿਚ ਗਲੂਕੋਜ਼ ਦਾ ਪੱਧਰ ਘੱਟ ਹੋਣ ਦੇ ਨਾਲ ਮਾਨਸਿਕ ਵਿਕਾਰਾਂ ਜਿਹੇ ਸੰਭਾਵੀ ਮਾਡ਼ੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਉਨ੍ਹਾਂ ਚਿਤਾਇਆ ਕਿ ਕਲੋਰੋਕਵੀਨ ਅਤੇ ਹਾਈਡ੍ਰੋਕਸੀ ਕਲੋਰੋਕਵੀਨ ਦੀ ਜ਼ਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ ਦਿਲ ਦਾ ਦੌਰਾ ਪੈਣ ਤੋਂ ਲੈ ਕੇ ਕੋਮਾ ਵਿਚ ਜਾਣ ਦਾ ਖਤਰਾ ਹੋ ਸਕਦਾ ਹੈ। ਅਧਿਐਨ ਮੁਤਾਬਕ, ਇਸ ਸਾਲ ਦੇ ਬਹੁਤ ਹੀ ਘੱਟ ਸਬੂਤ ਹਨ ਕਿ ਇਨ੍ਹਾਂ ਦਵਾਈਆਂ ਦਾ ਇਸਤੇਮਾਲ ਕੋਵਿਡ-19 ਦੇ ਮਰੀਜ਼ਾਂ ਲਈ ਫਾਇਦੇਮੰਦ ਹੋ ਸਕਦਾ ਹੈ।
ਉਥੇ ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਵੀਰਵਾਰ ਨੂੰ ਮਿ੍ਰਤਕਾਂ ਦੀ ਗਿਣਤੀ ਵਧ ਕੇ 94,720 ਪਹੁੰਚ ਗਈ ਹੈ। ਇਹ ਜਾਣਕਾਰੀ ਵਰਲਡੋਮੀਟਰ ਵੱਲੋਂ ਆਪਣੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਦੱਸ ਦਈਏ ਕਿ ਪੂਰੀ ਦੁਨੀਆ ਵਿਚ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਾਮਲੇ ਦਰਜ ਕੀਤੇ ਗਏ ਹਨ। ਦੁਨੀਆ ਦੇ 180 ਤੋਂ ਜ਼ਿਆਦਾ ਦੇਸ਼ਾਂ ਵਿਚ ਇਸ ਵਾਇਰਸ ਦੇ 1,584,982 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 3,53,075 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।