ਪੀ.ਐਮ. ਮੋਦੀ ਦੀ ਆਰਤੀ ਨੂੰ ਲੈ ਕੇ ਉਠਿਆ ਵਿਵਾਦ, ਮਹਿਲਾ ਕਾਂਗਰਸ ਨੇ ਕੀਤੀ ਕਾਰਵਾਈ ਦੀ ਮੰਗ
Tuesday, May 26, 2020 - 02:42 AM (IST)
ਦੇਹਰਾਦੂਨ (ਬਿਊਰੋ) - ਉਤਰਾਖੰਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਤੀ ਨੂੰ ਲੈ ਕੇ ਉਠਿਆ ਵਿਵਾਦ ਪੁਲਸ ਥਾਣੇ ਤੱਕ ਪਹੁੰਚ ਚੁੱਕਾ ਹੈ। ਇਸ ਆਰਤੀ ਨੂੰ ਡਾ. ਰੇਨੂ ਪੰਤ ਨੇ ਲਿਖਿਆ ਸੀ। ਇਹ ਰੇਨੂ ਪੰਤ ਕੌਣ ਹੈ ਕਿਸੇ ਨੂੰ ਪਤਾ ਨਹੀਂ ਚੱਲ ਰਿਹਾ ਹੈ।
ਆਰਤੀ ਉਸ ਸਮੇਂ ਲਾਂਚ ਕਰ ਦਿੱਤੀ ਗਈ ਸੀ ਜਦੋਂ ਭਾਜਪਾ ਦੇ ਵਿਧਾਇਕ ਗਣੇਸ਼ ਜੋਸ਼ੀ ਨੇ ਇੱਕ ਪ੍ਰੋਗਰਾਮ ਰੱਖਿਆ ਸੀ। ਪ੍ਰੋਗਰਾਮ 'ਚ ਪ੍ਰਦੇਸ਼ ਦੇ ਸਹਿਕਾਰੀ ਮੰਤਰੀ ਧੰਨ ਸਿੰਘ ਰਾਵਤ ਮੌਜੂਦ ਸਨ। ਇਸ ਸਮੇਂ ਕਰਮਚਾਰੀਆਂ ਦੇ ਕਹਿਣ 'ਤੇ ਉਨ੍ਹਾਂ ਨੇ ਮੋਦੀ ਦੀ ਆਰਤੀ ਲਾਂਚ ਕਰ ਦਿੱਤੀ ਸੀ। ਉਦੋਂ ਤੋਂ ਕਾਂਗਰਸ ਮੰਤਰੀ ਅਤੇ ਬੀਜੇਪੀ ਦੇ ਪਿੱਛੇ ਪਈ ਹੋਈ ਹੈ।
ਉਤਰਾਖੰਡ ਮਹਿਲਾ ਕਾਂਗਰਸ ਦੀ ਦੇਹਰਾਦੂਨ ਮਹਾਨਗਰ ਇਕਾਈ ਨੇ ਭਾਜਪਾ ਖਿਲਾਫ ਦੇਹਰਾਦੂਨ ਕੋਤਵਾਲੀ 'ਚ ਤਹਿਰੀਰ ਦਿੱਤੀ ਹੈ। ਤਹਿਰੀਰ 'ਚ ਕਿਹਾ ਗਿਆ ਹੈ ਕਿ ਹਾਲ ਹੀ 'ਚ ਭਾਜਪਾ ਨੇ ਦੁਰਗਾ ਆਰਤੀ ਨਾਲ ਛੇੜਛਾੜ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਆਰਤੀ ਬਣਾਈ ਹੈ, ਜੋ ਸੂਬਾ ਸਰਕਾਰ ਦੇ ਇਕ ਮੰਤਰੀ ਅਤੇ ਵਿਧਾਇਕ ਦੁਆਰਾ ਲਾਂਚ ਕੀਤੀ ਗਈ ਹੈ। ਮਹਿਲਾ ਕਾਂਗਰਸ ਨੇ ਇਸ ਨੂੰ ਸਨਾਤਨ ਧਰਮ ਅਤੇ ਦੇਵੀ ਦੇਵਤਿਆਂ ਦਾ ਅਪਮਾਨ ਦੱਸਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਤਹਰੀਰ 'ਚ ਮਹਿਲਾ ਮਹਾਨਗਰ ਕਾਂਗਰਸ ਦੀ ਪ੍ਰਧਾਨ ਕਮਲੇਸ਼ ਰਮਨ ਆਦਿ ਦੇ ਦਸਤਖਤ ਹਨ। ਪੁਲਸ ਵਲੋਂ ਹਾਲੇ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਹੈ। ਜਾਂਚ ਦੀ ਗੱਲ ਕਹੀ ਜਾ ਰਹੀ ਹੈ।