ਕਾਂਗਰਸ ਦਾ ਰਿਮੋਟ ਗਰੀਬਾਂ ਤੇ ਭਾਜਪਾ ਦਾ ਅਡਾਨੀ ਲਈ : ਰਾਹੁਲ ਗਾਂਧੀ

09/26/2023 1:23:38 PM

ਬਿਲਾਸਪੁਰ, (ਅਨਸ)- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਗਰੀਬ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਰਿਮੋਟ ਕੰਟਰੋਲ ਗਰੀਬਾਂ ਦੇ ਖਾਤਿਆਂ ’ਚ ਪੈਸੇ ਪਾਉਣ ਲਈ ਅਤੇ ਭਾਜਪਾ ਦਾ ਰਿਮੋਟ ਕੰਟਰੋਲ ਅਡਾਨੀ ਲਈ ਚਲਦਾ ਹੈ।

ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਦੇ ਤਖਤਪੁਰ ਵਿਕਾਸ ਖੰਡ ਦੇ ਪਰਸਦਾ (ਸਕਰੀ) ’ਚ ਸੰਸਦ ਮੈਂਬਰ ਰਾਹੁਲ ਗਾਂਧੀ ਨੇ ‘ਛੱਤੀਸਗੜ੍ਹ ਗ੍ਰਾਮੀਣ ਆਵਾਸ ਨਿਆਂ ਯੋਜਨਾ’ ਅਤੇ ‘ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ’ ਦੇ ਲਾਭਪਾਤਰੀਆਂ, ‘ਮੁੱਖ ਮੰਤਰੀ ਨਿਰਮਾਣ ਮਜ਼ਦੂਰ ਆਵਾਸ ਸਹਾਇਤਾ ਯੋਜਨਾ’ ਦੇ ਲਾਭਪਾਤਰੀਆਂ ਨੂੰ ਫੰਡ ਵੰਡਦੇ ਹੋਏ ਕਿਹਾ ਕਿ 2 ਤਰ੍ਹਾਂ ਦੇ ਰਿਮੋਟ ਹਨ, ਇਕ ਰਿਮੋਟ ਸਭ ਦੇ ਸਾਹਮਣੇ ਹੈ ਅਤੇ ਗਰੀਬਾਂ ਦੇ ਖਾਤਿਆਂ ’ਚ ਪੈਸਾ ਜਾ ਰਿਹਾ ਹੈ, ਦੂਜਾ ਰਿਮੋਟ ਭਾਜਪਾ ਦਾ ਹੈ ਜੋ ਲੁੱਕ-ਲੁੱਕ ਕੇ ਚਲਦਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਬਿਲਾਸਪੁਰ ਪਹੁੰਚ ਕੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਇਹ ਰਿਮੋਟ ਕੰਟਰੋਲ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਸਦਾ ਬਟਨ ਦਬਾਓ ਅਤੇ ਜਿਵੇਂ ਹੀ ਮੈਂ ਬਟਨ ਦਬਾਇਆ ਤਾਂ ਕਰੋੜਾਂ ਰੁਪਏ ਛੱਤੀਸਗੜ੍ਹ ਦੇ ਗਰੀਬਾਂ ਦੇ ਬੈਂਕ ਅਕਾਊਂਟ ’ਚ ਚਲੇ ਗਏ। ਇਕ-ਦੋ ਸਕਿੰਟ ਵਿਚ ਬੈਂਕ ਅਕਾਊਂਟ ਵਿਚ ਪੈਸਾ ਪਹੁੰਚ ਗਿਆ।

ਉਨ੍ਹਾਂ ਅੱਗੇ ਕਿਹਾ ਕਿ ਦੂਜਾ ਰਿਮੋਟ ਭਾਜਪਾ ਦਾ ਹੈ ਅਤੇ ਇਸ ਨੂੰ ਦਬਾਉਂਦੇ ਹੀ ਹਵਾਈ ਅੱਡਾ, ਬੁਨਿਆਦੀ ਢਾਂਚਾ, ਪਾਣੀ, ਜੰਗਲ ਅਤੇ ਜ਼ਮੀਨ ਅਡਾਨੀ ਕੋਲ ਚਲੀ ਜਾਂਦੀ ਹੈ। ਰੇਲਵੇ ਸਟੇਸ਼ਨ, ਪੀ. ਐੱਸ. ਯੂ. ਦਾ ਨਿੱਜੀਕਰਨ ਹੋ ਜਾਂਦਾ ਹੈ। ਜਦੋਂ ਮੈਂ ਭਾਜਪਾ ਦੇ ਇਸ ਰਿਮੋਟ ਕੰਟਰੋਲ ਬਾਰੇ ਸੰਸਦ ਵਿਚ ਆਵਾਜ਼ ਉਠਾਈ ਤਾਂ ਮੇਰੀ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ।

ਜਾਤੀ ਆਧਾਰਿਤ ਜਨਗਣਨਾ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਜਾਤੀ ਆਧਾਰਿਤ ਜਨਗਣਨਾ ਭਾਰਤ ਦਾ ਐਕਸਰੇ ਹੈ, ਇਹ ਦੇਸ਼ ਵਿਚ ਓ. ਬੀ. ਸੀ. ਦੀ ਗਿਣਤੀ ਦਾ ਖੁਲਾਸਾ ਕਰੇਗੀ। ਆਦਿਵਾਸੀ ਕਿੰਨੇ ਹਨ ਅਤੇ ਜਨਰਲ ਵਰਗ ਤੋਂ ਕਿੰਨੇ ਹਨ। ਇਕ ਵਾਰ ਅੰਕੜਾ ਆ ਜਾਏਗਾ ਤਾਂ ਦੇਸ਼ ਸਾਰਿਆਂ ਨੂੰ ਲੈ ਕੇ ਅੱਗੇ ਚੱਲ ਸਕੇਗਾ। ਔਰਤਾਂ ਭਾਗੀਦਾਰੀ ਦੇਣੀ ਹੈ। ਸਾਰਿਆਂ ਨੂੰ ਭਾਗੀਦਾਰੀ ਦੇਣੀ ਹੈ ਅਤੇ ਜਾਤੀ ਆਧਾਰਿਤ ਜਨਗਣਨਾ ਕਰਵਾਉਣੀ ਹੋਵੇਗੀ।

ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਨੂੰ 90 ਸਕੱਤਰ ਚਲਾ ਰਹੇ ਹੈ, ਇਹ ਲੋਕ ਯੋਜਨਾਵਾਂ ਬਣਾਉਂਦੇ ਹਨ, ਇਨ੍ਹਾਂ ’ਚ ਸਿਰਫ 3 ਓ. ਬੀ. ਸੀ. ਸ਼੍ਰੇਣੀ ਤੋਂ ਹਨ, ਇਸ ਤਰ੍ਹਾਂ ਬਜਟ ਦੇ ਸਿਰਫ 5 ਫੀਸਦੀ ਦੇ ਕੰਟਰੋਲ ਦੀ ਜ਼ਿੰਮੇਵਾਰੀ ਓ. ਬੀ. ਸੀ. ਸਕੱਤਰਾਂ ਦੇ ਹੱਥ ’ਚ ਹੁੰਦੀ ਹੈ। ਇਸ ਮੌਕੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵੀ ਸੰਬੋਧਨ ਕੀਤਾ।


Rakesh

Content Editor

Related News