‘ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹਿਮਾਚਲ, ਪੰਜਾਬ ਤੇ ਹਰਿਆਣਾ ’ਚ ਹੋਵੇਗੀ ਕਾਂਗਰਸ ਦੀ ਜਿੱਤ’

Monday, Feb 22, 2021 - 01:45 PM (IST)

‘ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਹਿਮਾਚਲ, ਪੰਜਾਬ ਤੇ ਹਰਿਆਣਾ ’ਚ ਹੋਵੇਗੀ ਕਾਂਗਰਸ ਦੀ ਜਿੱਤ’

ਜਲੰਧਰ ( ਬਿਊਰੋ) : ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਜੀਵ ਸ਼ੁਕਲਾ ਨੇ ‘ਜਗ ਬਾਣੀ/ਪੰਜਾਬ ਕੇਸਰੀ’ ਨਾਲ ਖਾਸ ਗੱਲਬਾਤ ਦੌਰਾਨ ਕਾਂਗਰਸ ਦੇ ਭਵਿੱਖ, ਖੇਤੀ ਕਾਨੂੰਨਾਂ ਤੇ ਮਹਿੰਗਾਈ ਸਮੇਤ ਕਈ ਮੁੱਦਿਆਂ ’ਤੇ ਖੁੱਲ੍ਹ ਕੇ ਰਾਏ ਰੱਖੀ। ਉਨ੍ਹਾਂ ਸੰਕੇਤ ਦਿੱਤਾ ਕਿ ਆਉਂਦੇ ਕੁਝ ਦਿਨਾਂ ਵਿਚ ਕਾਂਗਰਸ ਦਾ ਨਵਾਂ ਪ੍ਰਧਾਨ ਮਿਲ ਜਾਵੇਗਾ ਅਤੇ ਕਾਂਗਰਸ ਮੁੜ ਮਜ਼ਬੂਤੀ ਨਾਲ ਆਪਣਾ ਪੁਰਾਣਾ ਪਰਚਮ ਲਹਿਰਾਏਗੀ। ਪੇਸ਼ ਹਨ ਪੱਤਰਕਾਰ ਅਵਿਰਲ ਸਿੰਘ ਦੀ ਰਾਜੀਵ ਸ਼ੁਕਲਾ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼–

ਸਵਾਲ – ਖ਼ੇਤੀ ਕਾਨੂੰਨਾਂ ਦਾ ਵਿਰੋਧ ਜਿਸ ਢੰਗ ਨਾਲ ਕਾਂਗਰਸ ਨੂੰ ਕਰਨਾ ਚਾਹੀਦਾ ਹੈ, ਉਹ ਨਹੀਂ ਕਰ ਰਹੀ?
ਜਵਾਬ – ਕਾਂਗਰਸ ਇਸ ਕਾਨੂੰਨ ਦਾ ਪੂਰੇ ਤਰੀਕੇ ਨਾਲ ਵਿਰੋਧ ਕਰ ਰਹੀ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ ਹਰ ਰੋਜ਼ ਇਸ ਮਾਮਲੇ ’ਤੇ ਬਿਆਨ ਦੇ ਰਹੇ ਹਨ, ਜਗ੍ਹਾ-ਜਗ੍ਹਾ ਜਾ ਰਹੇ ਹਨ। ਇੰਨਾ ਹੀ ਨਹੀਂ, ਪ੍ਰਿਯੰਕਾ ਗਾਂਧੀ ਨੇ ਕਿਸਾਨਾਂ ਦੇ ਸਮਰਥਨ ਵਿਚ ਜਗ੍ਹਾ-ਜਗ੍ਹਾ ਰੈਲੀਆਂ ਸ਼ੁਰੂ ਕਰ ਦਿੱਤੀਆਂ ਹਨ। ਸੰਸਦ ਵਿਚ ਵੀ ਕਾਂਗਰਸ ਪਾਰਟੀ ਕਿਸਾਨਾਂ ਲਈ ਡਟ ਕੇ ਲੜਾਈ ਲੜ ਰਹੀ ਹੈ ਕਿਉਂਕਿ ਇਸ ਕਾਨੂੰਨ ਨਾਲ ਸਭ ਕੁਝ ਪੂੰਜੀਪਤੀਆਂ ਦੇ ਹੱਥਾਂ ਵਿਚ ਚਲਾ ਜਾਵੇਗਾ, ਜਿਸ ਨਾਲ ਕਿਸਾਨਾਂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਜਾਵੇਗੀ।

ਸਵਾਲ – ਕੀ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ?
ਜਵਾਬ – ਦੇਖੋ ਸੰਸਦ ਵਿਚ ਬਹਿਸ ਹੋਈ, ਅਸੀਂ ਸਾਥ ਦਿੱਤਾ ਕਿ ਦੋਵਾਂ ਸਦਨਾਂ ਵਿਚ ਬਹਿਸ ਕਰ ਕੇ ਸਾਰੀਆਂ ਗੱਲਾਂ ਨੂੰ ਰੱਖਿਆ ਜਾਵੇ ਪਰ ਅਜਿਹਾ ਨਹੀਂ ਹੋਇਆ। ਇਸ ਮੁੱਦੇ ’ਤੇ ਰਾਜ ਸਭਾ ਵਿਚ ਸਾਡੀ ਪਾਰਟੀ ਤੇ ਵਿਰੋਧੀ ਧਿਰ ਦੇ ਲੋਕਾਂ ਨੇ ਪੂਰੀ ਤਰ੍ਹਾਂ ਇਸ ’ਤੇ ਆਪਣਾ ਪੱਖ ਰੱਖਿਆ ਪਰ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ। ਸਰਕਾਰ ਨੇ ਇਸ ਮੁੱਦੇ ’ਤੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ, ਉਹ ਕਾਨੂੰਨ ਵਾਪਸ ਨਹੀਂ ਲੈਣਗੇ। ਸਰਕਾਰ ਨੇ ਇਸ ਨੂੰ ‘ਨੱਕ ਦਾ ਸਵਾਲ’ ਬਣਾ ਲਿਆ ਹੈ।

ਸਵਾਲ – ਸਰਕਾਰ ਕਹਿ ਰਹੀ ਹੈ ਕਿ ਅਸੀਂ ਸੋਧ ਕਰਨ ਲਈ ਤਿਆਰ ਹਾਂ ਪਰ ਕੋਈ ਇਹ ਗੱਲ ਨਹੀਂ ਦੱਸ ਰਿਹਾ ਕਿ ਬਿੱਲ ਵਿਚ ਸੋਧ ਕੀ ਕਰਨੀ ਹੈ?
ਜਵਾਬ – ਸਰਕਾਰ ਨਾਲ 11 ਦੌਰ ਦੀ ਗੱਲਬਾਤ ਵਿਚ ਕਿਸਾਨਾਂ ਨੇ ਅਤੇ ਕਾਂਗਰਸ ਨੇ ਇਹ ਪ੍ਰਸਤਾਵ ਦਿੱਤਾ ਕਿ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ ਮਿਲੇ ਪਰ ਸਰਕਾਰ ਇਸ ਦੇ ਲਈ ਤਿਆਰ ਨਹੀਂ। ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਕਰ ਰਹੀ ਹੈ। ਇਹੀ ਕਾਰਣ ਹੈ ਕਿ ਸਰਕਾਰ ਐੱਮ. ਐੱਸ. ਪੀ. ’ਤੇ ਕਾਨੂੰਨ ਨਹੀਂ, ਸਿਰਫ ਜ਼ੁਬਾਨੀ ਭਰੋਸਾ ਦੇ ਰਹੀ ਹੈ।

ਸਵਾਲ – ਕੀ ਵਿਰੋਧੀ ਧਿਰ ਨੂੰ ਸੜਕ ’ਤੇ ਨਹੀਂ ਉਤਰਨਾ ਚਾਹੀਦਾ?
ਜਵਾਬ – ਵਿਰੋਧੀ ਧਿਰ ਲਗਾਤਾਰ ਸੜਕ ’ਤੇ ਉਤਰ ਰਹੀ ਹੈ। ਕਾਂਗਰਸ ਪਾਰਟੀ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਸੋਸ਼ਲ ਮੀਡੀਆ ’ਤੇ, ਸੜਕ ’ਤੇ ਅਤੇ ਸੰਸਦ ਵਿਚ ਹਰ ਜਗ੍ਹਾ ਵਿਰੋਧੀ ਧਿਰ ਲਗਾਤਾਰ ਸਰਕਾਰ ਖਿਲਾਫ ਆਵਾਜ਼ ਉਠਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਭਾਜਪਾ ਦਾ ਹਰ ਜਗ੍ਹਾ ਵਿਰੋਧ ਹੋ ਰਿਹਾ ਹੈ ਅਤੇ ਪੰਜਾਬ ਦੀਆਂ ‘ਸਥਾਨਕ ਸਰਕਾਰਾਂ ਚੋਣਾਂ’ ਵਿਚ ਤਾਂ ਭਾਜਪਾ ਦਾ ਸਫਾਇਆ ਹੋ ਗਿਆ। ਅਗਲੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਵੱਡੇ ਬਹੁਮਤ ਨਾਲ ਜਿੱਤੇਗੀ ਅਤੇ ਹਿਮਾਚਲ ਵਿਚ ਵੀ ਇਸ ਦਾ ਅਸਰ ਪਵੇਗਾ।

‘ਮਹਿੰਗਾਈ ਨੂੰ ਦੇਸ਼ਹਿੱਤ ’ਚ ਦੱਸ ਰਹੀ ਹੈ ਭਾਜਪਾ’
ਮਹਿੰਗਾਈ ਦੇ ਸਵਾਲ ’ਤੇ ਸ਼ੁਕਲਾ ਨੇ ਕਿਹਾ ਕਿ ਕਾਂਗਰਸ ਮਹਿੰਗਾਈ ਖਿਲਾਫ ਅੰਦੋਲਨ ਚਲਾ ਰਹੀ ਹੈ। ਇਸ ਅੰਦੋਲਨ ਨਾਲ ਨਾ ਸਿਰਫ ਨੇਤਾ, ਸਗੋਂ ਆਮ ਲੋਕ ਵੀ ਜੁੜ ਰਹੇ ਹਨ। 2012 ਵਿਚ ਜਦੋਂ ਡਾ. ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਇਹੀ ਲੋਕ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਤੇ ਰੌਲਾ ਪਾਉਂਦੇ ਸਨ, ਜਦੋਂਕਿ ਉਸ ਵੇਲੇ ਕੱਚੇ ਤੇਲ ਦੀ ਕੀਮਤ 110 ਤੋਂ 120 ਡਾਲਰ ਪ੍ਰਤੀ ਬੈਰਲ ਸੀ। ਹੁਣ ਤਾਂ ਕੱਚਾ ਤੇਲ 50 ਤੋਂ 60 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਮਿਲ ਰਿਹਾ ਹੈ। ਇਸ ਦੇ ਬਾਵਜੂਦ ਸਰਕਾਰ ਦੁੱਗਣੀ-ਤਿੱਗਣੀ ਕੀਮਤ ’ਤੇ ਤੇਲ ਵੇਚ ਰਹੀ ਹੈ। ਉਸ ਵੇਲੇ ਵਿਰੋਧ ਕਰਨ ਵਾਲੀ ਭਾਜਪਾ ਅੱਜ ਇਸ ਨੂੰ ਦੇਸ਼ ਦੇ ਹਿੱਤ ਵਿਚ ਦੱਸ ਰਹੀ ਹੈ।

ਸਵਾਲ – ਹਿਮਾਚਲ ਉਪ-ਚੋਣਾਂ ਲਈ ਕਾਂਗਰਸ ਦੀ ਕੀ ਤਿਆਰੀ ਹੈ?
ਜਵਾਬ – ਉਪ-ਚੋਣਾਂ ਦੀ ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ, ਇਹ ਚੋਣਾਂ ਅਸੀਂ ਹੀ ਜਿੱਤਾਂਗੇ। ਜਿਸ ਸੀਟ ’ਤੇ ਉਪ-ਚੋਣ ਹੋਣੀ ਹੈ, ਉਹ ਪਠਾਨੀਆ ਜੀ ਦਾ ਬੜਾ ਸਨਮਾਨਤ ਪਰਿਵਾਰ ਹੈ। ਇਸ ਪਰਿਵਾਰ ਦੀ ਹਿਮਾਚਲ ਵਿਚ ਵੱਡੀ ਸਾਖ ਹੈ। ਯਕੀਨੀ ਤੌਰ ’ਤੇ ਅਸੀਂ ਇਹ ਚੋਣ ਜਿੱਤਾਂਗੇ।

ਸਵਾਲ – ਕੀ ਹਿਮਾਚਲ ਵਿਚ ਵੀਰਭੱਦਰ ਸਿੰਘ ਕਾਂਗਰਸ ਨੂੰ ‘ਕਮਜ਼ੋਰ’ ਕਰ ਰਹੇ ਹਨ ਅਤੇ ਕਾਂਗਰਸ ਦੇ ਗਲੇ ਦੀ ਹੱਡੀ ਬਣ ਗਏ ਹਨ?
ਜਵਾਬ – ਵੀਰਭੱਦਰ ਸਿੰਘ ਹਿਮਾਚਲ ਵਿਚ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਹਨ, ਉਹ ਕਾਂਗਰਸ ਨੂੰ ‘ਕਮਜ਼ੋਰ’ ਨਹੀਂ ਕਰ ਰਹੇ। ਹਰ ਕਦਮ ’ਤੇ ਉਹ ਪਾਰਟੀ ਨੂੰ ਸਹਿਯੋਗ ਦਿੰਦੇ ਹਨ। ਪਾਰਟੀ ਵਿਚ ਕਿਤੇ ਕੋਈ ਧੜ੍ਹੇਬੰਦੀ ਨਹੀਂ, ਅੱਜ ਦੇ ਦੌਰ ਵਿਚ ਸੂਬੇ ਦੇ ਸਾਰੇ ਨੇਤਾ ਇਕ ਪਲੇਟਫਾਰਮ ’ਤੇ ਹਨ। ਪਾਰਟੀ ਵਿਚ ਸਾਰੇ ਇਕਜੁੱਟ ਹਨ। ਤੁਹਾਨੂੰ ਇਹ ਚੋਣਾਂ ਵਿਚ ਦੇਖਣ ਨੂੰ ਮਿਲੇਗਾ ਕਿ ਕਿਤੇ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ। ਧੜ੍ਹੇਬੰਦੀ ਜੇ ਕਿਤੇ ਹੈ ਤਾਂ ਉਹ ਭਾਜਪਾ ਵਿਚ ਹੈ।

ਸਵਾਲ – ਪੂਰੇ ਦੇਸ਼ ਵਿਚ ਭਾਜਪਾ ਬੜ੍ਹਤ ਬਣਾਉਂਦੀ ਜਾ ਰਹੀ ਹੈ ਅਤੇ ਕਾਂਗਰਸ ਲਗਾਤਾਰ ‘ਕਮਜ਼ੋਰ’ ਹੁੰਦੀ ਜਾ ਰਹੀ ਹੈ?
ਜਵਾਬ – ਭਾਜਪਾ ਕਿੱਥੇ ਬੜ੍ਹਤ ਬਣਾ ਰਹੀ ਹੈ। ਮੱਧ ਪ੍ਰਦੇਸ਼, ਮਣੀਪੁਰ ਤੇ ਗੋਆ ਵਿਚ ਭਾਜਪਾ ਚੋਣਾਂ ਹਾਰੀ ਪਰ ਸੱਤਾ ਦੇ ਦਮ ’ਤੇ ਸਾਡੇ ਵਿਧਾਇਕਾਂ ਨੂੰ ਤੋੜ ਕੇ ਇਨ੍ਹਾਂ ਸਰਕਾਰ ਬਣਾਈ। ਇਹ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਣ ’ਤੇ ਜ਼ਬਰਦਸਤੀ ਡਰਾ-ਧਮਕਾ ਕੇ, ਸੱਤਾ ਤੇ ਧਨ ਦੀ ਤਾਕਤ ਦੀ ਵਰਤੋਂ ਕਰ ਕੇ ਸਰਕਾਰਾਂ ਬਣਾ ਰਹੇ ਹਨ। ਇਸ ਨੂੰ ਬੜ੍ਹਤ ਨਹੀਂ ਕਿਹਾ ਜਾ ਸਕਦਾ। ਰਾਜਸਥਾਨ ਤੇ ਗੁਜਰਾਤ ਵਿਚ ਵੀ ਇਹੀ ਕੋਸ਼ਿਸ਼ ਸੀ ਪਰ ਮਹਾਰਾਸ਼ਟਰ ਵਿਚ ਭਾਜਪਾ ਦੀ ਨਹੀਂ ‘ਚੱਲ’ ਸਕੀ।

ਸਵਾਲ – ਹਿਮਾਚਲ ’ਚ ਸਥਾਨਕ ਸਰਕਾਰਾਂ ਚੋਣਾਂ ਵਿਚ ਕਾਂਗਰਸ ਨੂੰ ਸਿਰਫ 2 ਸੀਟਾਂ ਮਿਲੀਆਂ ਸਨ, ਤੁਹਾਨੂੰ ਨਹੀਂ ਲੱਗਦਾ ਕਿ ਹਿਮਾਚਲ ’ਚੋਂ ਕਾਂਗਰਸ ਹੌਲੀ-ਹੌਲੀ ‘ਸਾਫ’ ਹੋ ਰਹੀ ਹੈ?
ਜਵਾਬ – ਨਹੀਂ-ਨਹੀਂ, ਕੋਈ ਸਾਫ ਨਹੀਂ ਹੋ ਰਹੀ। ਤੁਸੀਂ ਦੇਖਿਆ ਕਿ ਅਸੀਂ ਸਥਾਨਕ ਸਰਕਾਰਾਂ ਚੋਣਾਂ ਵਿਚ 70 ਫੀਸਦੀ ਜਿੱਤ ਹਾਸਲ ਕੀਤੀ। ਇਹ ਚੋਣਾਂ ਪਾਰਟੀ ਸਿੰਬਲ ’ਤੇ ਨਹੀਂ ਹੋਈਆਂ ਸਨ, ਜੋ ਆਜ਼ਾਦ ਉਮੀਦਵਾਰ ਲੜ ਰਹੇ ਸਨ। ਉਸ ਸਾਡੇ ਸਮਰਥਨ ਨਾਲ ਜਿੱਤੇ। ਬਾਅਦ ’ਚ ਉਨ੍ਹਾਂ ਨੂੰ ਡਰਾ-ਧਮਕਾ ਕੇ ਪੈਸਿਆਂ ਦੇ ਲਾਲਚ ਵਿਚ ਤੋੜ ਦਿੱਤਾ ਗਿਆ। ਇਨ੍ਹਾਂ ਚੋਣਾਂ ਵਿਚ ਅਸੀਂ 2 ਸੀਟਾਂ ’ਤੇ ਜਿੱਤ ਹਾਸਲ ਕੀਤੀ, ਬਾਕੀ ਥਾਵਾਂ ’ਤੇ ਵੀ ਸਾਡੇ ਲੋਕ ਸਨ ਪਰ ਉਨ੍ਹਾਂ ਪ੍ਰਸ਼ਾਸਨਿਕ ਪ੍ਰਣਾਲੀ ਲਾ ਕੇ ਜਿੱਤੇ ਲੋਕਾਂ ’ਤੇ ਦਬਾਅ ਪਾਇਆ ਅਤੇ ਜ਼ਬਰਦਸਤੀ ਸਰਕਾਰਾਂ ਬਣਵਾਈਆਂ। ਜਿਸ ਦਿਨ ਹਿਮਾਚਲ ਵਿਚ ਸਰਕਾਰ ਆਏਗੀ, ਤੁਸੀਂ ਦੇਖਣਾ ਇਹ ਸਭ ਵਾਪਸ ਕਾਂਗਰਸ ਵਿਚ ਆ ਜਾਣਗੇ।

ਸਵਾਲ – ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਦੋਸ਼ ਤਾਂ ਸਭ ਤੋਂ ਪਹਿਲਾਂ ਕਾਂਗਰਸ ’ਤੇ ਹੀ ਲੱਗਾ ਸੀ?
ਜਵਾਬ – ਇਹ ਸਿਰਫ ਭਾਜਪਾ ਦਾ ਦੋਸ਼ ਹੈ, ਭਾਜਪਾ ਤਾਂ ਕਦੇ ਉਸ ਗਿਣਤੀ ਵਿਚ ਰਹੀ ਹੀ ਨਹੀਂ, ਜਿਸ ਨੂੰ ਅਸੀਂ ਕਿਸੇ ਰੂਪ ਵਿਚ ਤੋੜਦੇ। ਇਹ ਸਾਰੇ ਦੋਸ਼ ਝੂਠੇ ਹਨ।

ਸਵਾਲ – ਕੀ ਤੁਹਾਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ‘ਭਵਿੱਖ’ ਹਨ ਜਾਂ ਪਾਰਟੀ ਦੇ ਕਿਸੇ ਸੀਨੀਅਰ ਨੇਤਾ ਨੂੰ ਹੁਣ ਕਾਂਗਰਸ ਦੀ ਕਮਾਨ ਦੇ ਦਿੱਤੀ ਜਾਣੀ ਚਾਹੀਦੀ ਹੈ?
ਜਵਾਬ – ਇਹ ਫੈਸਲਾ ਗਾਂਧੀ ਪਰਿਵਾਰ ਲਵੇਗਾ, ਰਾਹੁਲ ਗਾਂਧੀ ਸਾਡੇ ਨੇਤਾ ਹਨ, ਸਾਡੇ ਪ੍ਰਧਾਨ ਰਹੇ ਹਨ। ਅਸੀਂ ਤਾਂ ਇਹੀ ਚਾਹਾਂਗੇ ਕਿ ਉਹ ਅੱਗੇ ਮੁੜ ਸਾਡੇ ਪ੍ਰਧਾਨ ਬਣਨ। ਪ੍ਰਧਾਨ ਦੇ ਮਾਮਲੇ ’ਚ ਪਾਰਟੀ ਹਾਈਕਮਾਨ ਜੋ ਫੈਸਲਾ ਲਵੇਗੀ, ਅਸੀਂ ਸਾਰੇ ਉਸ ਦੇ ਨਾਲ ਹਾਂ।

ਸਵਾਲ – ਬੰਗਾਲ ਦੀਆਂ ਚੋਣਾਂ ਵਿਚ ਕਾਂਗਰਸ ਦਾ ਕੋਈ ਪ੍ਰਚਾਰ-ਪ੍ਰਸਾਰ ਨਜ਼ਰ ਨਹੀਂ ਆ ਰਿਹਾ, ਜਦੋਂਕਿ ਭਾਜਪਾ ਰੈਲੀਆਂ ਤੇ ਰੋਡ ਸ਼ੋਅ ਰਾਹੀਂ ਵੱਡੇ ਨੇਤਾਵਾਂ ਨੂੰ ਮੈਦਾਨ ਵਿਚ ਉਤਾਰ ਚੁੱਕੀ ਹੈ?
ਜਵਾਬ – ਅਜੇ ਬੰਗਾਲ ਵਿਚ ਚੋਣਾਂ ਦੀ ਸ਼ੁਰੂਆਤ ਹੈ। ਅਸੀਂ ਉੱਥੇ ਲੈਫਟ ਨਾਲ ਗਠਜੋੜ ਕੀਤਾ ਹੈ। ਬੰਗਾਲ ਦੀਆਂ ਚੋਣਾਂ ਅਸੀਂ ਪੂਰੀ ਮਜ਼ਬੂਤੀ ਨਾਲ ਲੜਾਂਗੇ।

ਸਵਾਲ – ਪ੍ਰਿਯੰਕਾ ਗਾਂਧੀ ਜਿਸ ਢੰਗ ਨਾਲ ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੂੰ ‘ਮਜ਼ਬੂਤ’ ਕਰਨ ’ਚ ਲੱਗੀ ਹੈ, ਉਸ ਨੂੰ ਦੇਖਦਿਆਂ ਤੁਹਾਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ?
ਜਵਾਬ – ਦੇਖੋ, ਇਹ ਫੈਸਲਾ ਗਾਂਧੀ ਪਰਿਵਾਰ ਕਰੇਗਾ ਕਿ ਕੌਣ ਕਾਂਗਰਸ ਦਾ ਪ੍ਰਧਾਨ ਬਣੇਗਾ। ਜੋ ਗਾਂਧੀ ਪਰਿਵਾਰ ਤੈਅ ਕਰੇਗਾ, ਅਸੀਂ ਉਸੇ ਦੇ ਨਾਲ ਜਾਵਾਂਗੇ। ਪ੍ਰਿਯੰਕਾ ਗਾਂਧੀ ਨੂੰ ਸੋਨੀਆ ਗਾਂਧੀ ਨੇ ਇਕ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਪੂਰੀ ਸ਼ਿੱਦਤ ਨਾਲ ਉਸ ਨੂੰ ਨਿਭਾਉਣ ’ਚ ਲੱਗੀ ਹੋਈ ਹੈ।

ਸਵਾਲ – ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸ ਕਈ ਚੋਣਾਂ ਹਾਰੀ, ਰਾਹੁਲ ਕਈ ਵਾਰ ‘ਫੇਲ’ ਹੋ ਚੁੱਕੇ ਹਨ।
ਜਵਾਬ – ਦੇਖੋ, ਜਿੱਥੇ-ਜਿੱਥੇ ਅਸੀਂ ਚੋਣਾਂ ਹਾਰੇ, ਉਸ ਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ, ਸਿਰਫ ਰਾਹੁਲ ਗਾਂਧੀ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਰਾਹੁਲ ਹਮੇਸ਼ਾ ਜੁਟੇ ਰਹਿੰਦੇ ਹਨ, ਸੰਘਰਸ਼ ਕਰਦੇ ਹਨ। ਇਸ ਤੋਂ ਬਾਅਦ ਚੋਣਾਂ ਵਿਚ ਜਨਤਾ ਦਾ ਫੈਸਲਾ ਹੁੰਦਾ ਹੈ। ਗਾਂਧੀ ਪਰਿਵਾਰ ਦਾ ਸੰਘਰਸ਼ 70-80 ਸਾਲ ਦਾ ਹੈ। ਇਸ ਤੋਂ ਬਾਅਦ ਵੀ ਅਸੀਂ ਰਾਹੁਲ ਗਾਂਧੀ ਨੂੰ ਲੀਡਰਸ਼ਿਪ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।


author

Anuradha

Content Editor

Related News