ਕਾਂਗਰਸ ਦਾ ਵਾਅਦਾ, ਪੂਰਵਾਂਚਲ ਦੇ ਲੋਕਾਂ ਲਈ ਬਣਾਇਆ ਜਾਵੇਗਾ ਵੱਖਰਾ ਮੰਤਰਾਲਾ
Saturday, Jan 25, 2025 - 02:28 PM (IST)
ਨਵੀਂ ਦਿੱਲੀ- ਕਾਂਗਰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਪੂਰਵਾਂਚਲ ਦੇ ਲੋਕਾਂ ਲਈ ਵੱਖਰਾ ਮੰਤਰਾਲਾ ਬਣਾਉਣ ਦੇ ਨਾਲ-ਨਾਲ ਬਜਟ ’ਚ ਅਜਿਹਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਸਿਹਤ, ਸਿੱਖਿਆ ਸਮੇਤ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ। ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ, ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰਿਆ ਸ਼੍ਰੀਨੇਤ, ਪਾਰਟੀ ਨੇਤਾਵਾਂ ਕਨ੍ਹੱਈਆ ਕੁਮਾਰ ਅਤੇ ਪ੍ਰਣਵ ਝਾਅ ਨੇ ਪੂਰਵਾਂਚਲੀ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਵੱਖਰੇ ਮੰਤਰਾਲੇ ਦਾ ਵਾਅਦਾ ਕੀਤਾ। ਇਹ ਸਾਰੇ ਆਗੂ ਮੂਲ ਰੂਪ ਵਿਚ ਪੂਰਵਾਂਚਲੀ ਹਨ।
ਉਨ੍ਹਾਂ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਇਹ ਵੀ ਦੋਸ਼ ਲਾਇਆ ਕਿ ਭਾਜਪਾ ਅਤੇ ‘ਆਪ’ ਨੇ ਪੂਰਵਾਂਚਲੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਕਾਂਗਰਸ ਨੇ ਕੁਝ ਦਿਨ ਪਹਿਲਾਂ ਵਾਅਦਾ ਕੀਤਾ ਸੀ ਕਿ ਜੇਕਰ ਦਿੱਲੀ ’ਚ ਉਸ ਦੀ ਸਰਕਾਰ ਬਣੀ ਤਾਂ ਛਠ ਦਾ ਤਿਉਹਾਰ ਮਹਾਕੁੰਭ ਦੀ ਤਰਜ਼ ’ਤੇ ਮਨਾਇਆ ਜਾਵੇਗਾ। ਅਖਿਲੇਸ਼ ਪ੍ਰਸਾਦ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ,''ਇਕ ਪਾਸੇ ਅਰਵਿੰਦ ਕੇਜਰੀਵਾਲ ਜੀ ਪੂਰਵਾਂਚਲ ਦੇ ਲੋਕਾਂ ਦਾ ਇਹ ਕਹਿ ਕੇ ਅਪਮਾਨਿਤ ਕਰਦੇ ਹਨ ਕਿ ਉਹ 500 ਰੁਪਏ ਦੀ ਟਿਕਟ ਲੈ ਕੇ ਆਉਂਦੇ ਹਨ ਅਤੇ 5 ਲੱਖ ਰੁਪਏ ਦਾ ਇਲਾਜ ਕਰਵਾ ਕੇ ਚਲੇ ਜਾਂਦੇ ਹਨ। ਦੂਜੇ ਪਾਸੇ ਜੇ. ਪੀ. ਨੱਡਾ ਜੀ ਸਾਡੀ ਤੁਲਨਾ ਬੰਗਲਾਦੇਸ਼ੀ ਘੁਸਪੈਠੀਆਂ ਨਾਲ ਕਰਦੇ ਹਨ।'' ਇਸ ਦੌਰਾਨ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ,''ਪੂਰਵਾਂਚਲ ਦੇ ਲੋਕਾਂ ਨੇ ਦੇਸ਼ ਦੇ ਹਰ ਕੋਨੇ ’ਚ ਜਾ ਕੇ ਉਨ੍ਹਾਂ ਸਥਾਨਾਂ ਨੂੰ ਬਣਾਉਣ ਦਾ ਕੰਮ ਕੀਤਾ ਹੈ ਪਰ ਇਹ ਸ਼ਰਮਨਾਕ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣ ਸਮੇਂ ਉਨ੍ਹਾਂ ਨਾਲ ਬੇਈਮਾਨੀ ਕੀਤੀ ਜਾਂਦੀ ਹੈ।’’ ਸ਼੍ਰੀਨੇਤ ਨੇ ਕਿਹਾ, ‘‘ਇਸ ਲਈ ਕਾਂਗਰਸ ਨੇ ਪੂਰਵਾਂਚਲ ਲਈ ਵੱਖਰਾ ਮੰਤਰਾਲਾ ਬਣਾਉਣ ਦਾ ਐਲਾਨ ਕੀਤਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8