ਕਾਂਗਰਸ ਪ੍ਰਧਾਨ ਚੋਣ: 30 ਨੂੰ ਨਾਮਜ਼ਦਗੀ ਭਰ ਸਕਦੇ ਹਨ ਸ਼ਸ਼ੀ ਥਰੂਰ, ਗਹਿਲੋਤ ਨਾਲ ਮੁਕਾਬਲਾ
Sunday, Sep 25, 2022 - 10:39 AM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਪਹਿਲੇ ਦਿਨ ਸ਼ਨੀਵਾਰ ਪਾਰਟੀ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਇਕ ਪ੍ਰਤੀਨਿਧੀ ਰਾਹੀਂ ਨਾਮਜ਼ਦਗੀ ਪੱਤਰ ਮੰਗਵਾਏ। ਉਹ 30 ਸਤੰਬਰ ਨੂੰ ਪੇਪਰ ਦਾਖਲ ਕਰ ਸਕਦੇ ਹਨ। ਹੁਣ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਥਰੂਰ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਭਿੜਨਗੇ।
ਸ਼ਸ਼ੀ ਥਰੂਰ ਦੇ ਨੁਮਾਇੰਦੇ ਅਤੇ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਅਹੁਦੇਦਾਰ ਅਲੀਮ ਜ਼ਵੇਰੀ ਨੇ ਕਾਂਗਰਸ ਹੈੱਡਕੁਆਰਟਰ ਵਿਖੇ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਤੋਂ ਨਾਮਜ਼ਦਗੀ ਪੱਤਰ ਪ੍ਰਾਪਤ ਕੀਤੇ। ਕੁਝ ਦਿਨ ਪਹਿਲਾਂ ਥਰੂਰ ਨੇ ਨਾਮਜ਼ਦਗੀ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਲੈਣ ਲਈ ਮਿਸਤਰੀ ਨਾਲ ਮੁਲਾਕਾਤ ਵੀ ਕੀਤੀ ਸੀ।
ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ਼ 30 ਸਤੰਬਰ ਅਤੇ ਵਾਪਸ ਲੈਣ ਦੀ 8 ਅਕਤੂਬਰ ਹੈ। ਇਕ ਤੋਂ ਵੱਧ ਉਮੀਦਵਾਰ ਹੋਣ ਦੀ ਸੂਰਤ ਵਿਚ 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 19 ਅਕਤੂਬਰ ਨੂੰ ਐਲਾਨੇ ਜਾਣਗੇ।