ਕਾਂਗਰਸ ਨੂੰ ਦੋਹਰੀ ਮਾਰ, ਰਾਜ ਸਭਾ ’ਚ ਹੋਵੇਗਾ ਭਾਰੀ ਨੁਕਸਾਨ

03/16/2022 11:08:10 AM

ਨੈਸ਼ਨਲ ਡੈਸਕ- ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ, ਕਾਂਗਰਸ ਨੂੰ ਹੁਣ ਰਾਜ ਸਭਾ ’ਚ ਸੀਟਾਂ ਦਾ ਭਾਰੀ ਨੁਕਸਾਨ ਹੋਵੇਗਾ। ਇਸ ਦੇ 34 ਮੌਜੂਦਾ ਸੰਸਦ ਮੈਂਬਰਾਂ ’ਚੋਂ 15 ਸੇਵਾ-ਮੁਕਤ ਹੋ ਰਹੇ ਹਨ ਅਤੇ ਇਸ ਨੂੰ ਸਿਰਫ 8 ਸੀਟਾਂ ਹਾਸਲ ਕਰਨ ਲਈ ਸੰਘਰਸ਼ ਕਰਨਾ ਪਵੇਗਾ। ਹਾਲਾਂਕਿ ਪਾਰਟੀ ਘੱਟ ਤੋਂ ਘੱਟ ਅਜੇ ਵਿਰੋਧੀ ਧਿਰ ਦੇ ਨੇਤਾ ਦਾ ਦਰਜਾ ਨਹੀਂ ਗੁਆਏਗੀ ਪਰ ਉਸ ਦੀ ਤਾਕਤ ਘੱਟ ਹੋਵੇਗੀ। ਰਾਜ ਸਭਾ ’ਚ ਕਾਂਗਰਸ ਦੀ ਤਾਕਤ ਘਟ ਕੇ 27 ਰਹਿ ਜਾਵੇਗੀ, ਜੋ ਉਸ ਦੇ 40 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਘੱਟ ਹੈ।

ਸੇਵਾ-ਮੁਕਤ ਹੋਣ ਵਾਲੇ ਦਿੱਗਜਾਂ ’ਚ ਆਨੰਦ ਸ਼ਰਮਾ (ਹਿਮਾਚਲ ਪ੍ਰਦੇਸ਼), ਕਪਿਲ ਸਿੱਬਲ (ਯੂ. ਪੀ.), ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ (ਪੰਜਾਬ) ਅਤੇ ਪ੍ਰਦੀਪ ਟਮਟਾ (ਉੱਤਰਾਖੰਡ) ਸ਼ਾਮਲ ਹਨ। ਕੋਈ ਵੀ ਰਾਜ ਸਭਾ ’ਚ ਨਹੀਂ ਪਰਤ ਸਕਦਾ ਜਦੋਂ ਤੱਕ ਕਿ ਉਸ ਨੂੰ ਹੋਰ ਸੂਬਿਆਂ ’ਚ ਟਰਾਂਸਫਰ ਨਹੀਂ ਕੀਤਾ ਜਾਂਦਾ ਹੈ। ਏ. ਕੇ. ਐਂਟੋਨੀ ਪਹਿਲਾਂ ਹੀ ਜਾ ਚੁੱਕੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਇਕ ਕੇਰਲ ਵਾਸੀ ਹੀ ਲਵੇਗਾ। ਅਜਿਹਾ ਹੀ ਮੱਧ ਪ੍ਰਦੇਸ਼ ’ਚ ਵੀ ਹੋਵੇਗਾ ਜਿੱਥੇ ਵਿਵੇਕ ਤਨਖਾ ਸੇਵਾ-ਮੁਕਤ ਹੋ ਰਹੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਮੱਧ ਪ੍ਰਦੇਸ਼ ਵਾਸੀ ਨੂੰ ਹੀ ਲਿਆਉਣਾ ਹੋਵੇਗਾ। ਜੈਰਾਮ ਰਮੇਸ਼ ਅਤੇ 2 ਹੋਰ ਸੰਸਦ ਮੈਂਬਰ ਕਰਨਾਟਕ ਤੋਂ ਸੇਵਾ-ਮੁਕਤ ਹੋ ਰਹੇ ਹਨ। ਕਾਂਗਰਸ ਸਿਰਫ ਇਕ ਸੀਟ ਜਿੱਤ ਸਕਦੀ ਹੈ ਪਰ ਸੂਬੇ ਦੀਆਂ ਦੋ ਸੀਟਾਂ ਦਾ ਨੁਕਸਾਨ ਝੱਲਣਾ ਪਵੇਗਾ।

ਛੱਤੀਸਗੜ੍ਹ ਤੋਂ ਛਾਇਆ ਵਰਮਾ ਅਤੇ ਮਹਾਰਾਸ਼ਟਰ ਤੋਂ ਪੀ. ਚਿਦਾਂਬਰਮ ਵੀ ਸੇਵਾ-ਮੁਕਤ ਹੋ ਰਹੇ ਹਨ। ਛੱਤੀਸਗੜ੍ਹ ਤੋਂ ਕਿਸੇ ਬਾਹਰੀ ਵਿਅਕਤੀ ਦੇ ਲਿਆਂਦੇ ਜਾਣ ਦੀ ਸੰਭਾਵਨਾ ਹੈ ਪਰ ਮਹਾਰਾਸ਼ਟਰ ਦੀ ਸੀਟ ਕਿਸੇ ਮਹਾਰਾਸ਼ਟਰੀਅਨ ਨੂੰ ਜਾ ਸਕਦੀ ਹੈ, ਖਾਸ ਤੌਰ ’ਤੇ ਮੁਕੂਲ ਵਾਸਨਿਕ ਨੂੰ। ਪੀ. ਚਿਦਾਂਬਰਮ ਤਮਿਲਨਾਡੂ ਜਾ ਸਕਦੇ ਹਨ ਕਿਉਂਕਿ ਐੱਮ. ਕੇ. ਸਟਾਲਿਨ ਕਾਂਗਰਸ ਨੂੰ ਇਕ ਰਾਜ ਸਭਾ ਸੀਟ ਦੇ ਸਕਦੇ ਹਨ। ਕਪਿਲ ਸਿੱਬਲ ਦੇ ਕੋਲ ਕਾਂਗਰਸ ਦਾ ਟਿਕਟ ਮਿਲਣ ਦਾ ਕੋਈ ਮੌਕਾ ਨਹੀਂ ਹੈ। ਰਾਜੀਵ ਸ਼ੁਕਲਾ ਵੀ ਇਕ ਸੀਟ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ’ਚ ਆਉਣ ਦੀ ਉਮੀਦ ਹੈ, ਜਿੱਥੇ ਕਾਂਗਰਸ ਦੋ ਸੀਟਾਂ ’ਤੇ ਜਿੱਤ ਹਾਸਲ ਕਰੇਗੀ।


Tanu

Content Editor

Related News