ED ਦੀ ਕਾਰਵਾਈ ਵਿਰੁੱਧ ਸੜਕਾਂ ’ਤੇ ਉੱਤਰੀ ਕਾਂਗਰਸ; ਕਈ ਨੇਤਾ ਗ੍ਰਿਫਤਾਰ
Thursday, Jun 16, 2022 - 12:42 PM (IST)
ਨਵੀਂ ਦਿੱਲੀ (ਭਾਸ਼ਾ)– ਰਾਹੁਲ ਗਾਂਧੀ ਦੀ ਇਨਫੋਰਸਮੈਟ ਡਾਇਰੈਕਟੋਰੇਟ ਈ. ਡੀ. ਦੇ ਸਾਹਮਣੇ ਪੇਸ਼ੀ ’ਤੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਅਤੇ ਵੱਡੀ ਗਿਣਤੀ ’ਚ ਕਾਰਕੁੰਨਾਂ ਨੇ ਪੂਰੇ ਦੇਸ਼ ’ਚ ਆਪਣੇ ਨੇਤਾ ਦੇ ਸਮਰਥਨ ’ਚ ਮਾਰਚ ਕੱਢਿਆ, ਜਿਸ ਤੋਂ ਬਾਅਦ ਪੁਲਸ ਨੇ ਕਈ ਨੇਤਾਵਾਂ ਨੂੰ ਹਿਰਾਸਤ ’ਚ ਲੈ ਲਿਆ। ਕਾਂਗਰਸ ਨੇ ਕਿਹਾ ਕਿ ਰਾਹੁਲ ਦੀ ਈ. ਡੀ. ਦੇ ਸਾਹਮਣੇ ਪੇਸ਼ੀ ’ਤੇ ਪਾਰਟੀ ਦਾ ‘ਸਤਿਆਗ੍ਰਹਿ’ ਰੋਕਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਨਵੀਂ ਦਿੱਲੀ ਇਲਾਕੇ ’ਚ ‘ਅਣਐਲਾਨੀ ਐਮਰਜੈਂਸੀ’ ਲਗਾ ਦਿੱਤੀ ਹੈ।
ਈ. ਡੀ. ਹੈੱਡਕੁਆਰਟਰ ਤੱਕ ਜਾਣ ਲਈ ਰਾਹੁਲ ਗਾਂਧੀ ਕਾਂਗਰਸ ਹੈੱਡਕੁਆਰਟਰ ਤੋਂ ਪੈਦਲ ਨਿਕਲੇ ਅਤੇ ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾ ਤੇ ਕਾਰਕੁੰਨ ਵੀ ਸਨ।
ਪੁਲਸ ਨੇ ਮਾਰਚ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਕਾਂਗਰਸ ਨੇਤਾਵਾਂ ਅਤੇ ਕਾਰਕੁੰਨਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਕਾਂਗਰਸ ਅਨੁਸਾਰ ਗਹਿਲੋਤ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ, ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ, ਸੀਨੀਅਰ ਨੇਤਾ ਹਰੀਸ਼ ਰਾਵਤ, ਜੈਰਾਮ ਰਮੇਸ਼ ਅਤੇ ਕਈ ਹੋਰ ਨੇਤਾਵਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਬਾਅਦ ’ਚ ਪ੍ਰਿੰਯਕਾ ਗਾਂਧੀ ਨੇ ਤੁਗਲਕ ਰੋਡ ਥਾਣੇ ਪਹੁੰਚ ਕੇ ਹਿਰਾਸਤ ’ਚ ਲਏ ਗਏ ਪਾਰਟੀ ਨੇਤਾਵਾਂ ਅਤੇ ਕਾਰਕੁੰਨਾਂ ਨਾਲ ਮੁਲਾਕਾਤ ਕੀਤੀ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਪੁਲਸ ਨੇ ਮਾਰਚ ਤੋਂ ਪਹਿਲਾਂ ਹੀ ਕਾਂਗਰਸ ਦੇ ਬਹੁਤ ਸਾਰੇ ਕਾਰਕੁੰਨਾਂ ਨੂੰ ਹਿਰਾਸਤ ’ਚ ਲੈ ਲਿਆ ਸੀ ਅਤੇ ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ। ਮੋਦੀ ਸਰਕਾਰ ਨੇ ਨਵੀਂ ਦਿੱਲੀ ਇਲਾਕੇ ’ਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ। ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੇਸ਼ ਦੇ ਕਈ ਹਿੱਸਿਆਂ ’ਚ ਆਯੋਜਿਤ ਕੀਤੇ ਗਏ।