ਟਵੀਟ ਦੇ ਸਿਲਸਿਲੇ ’ਚ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਗ੍ਰਿਫਤਾਰ
Friday, Apr 22, 2022 - 12:31 PM (IST)
ਅਹਿਮਦਾਬਾਦ– ਆਸਾਮ ਪੁਲਸ ਨੇ ਇਕ ਟਵੀਟ ਦੇ ਸਿਲਸਿਲੇ ਵਿਚ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਸੂਬੇ ਦੇ ਪਾਲਨਪੁਰ ਸ਼ਹਿਰ ਤੋਂ ਬੁੱਧਵਾਰ ਦੇਰ ਰਾਤ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਮੇਵਾਨੀ ਨੂੰ ਵੀਰਵਾਰ ਤੜਕੇ ਹਵਾਈ ਮਾਰਗ ਰਾਹੀਂ ਆਸਾਮ ਲਿਜਾਇਆ ਗਿਆ। ਮੇਵਾਨੀ ਦੇ ਸਹਿਯੋਗੀ ਸੁਰੇਸ਼ ਜਾਟ ਨੇ ਦੱਸਿਆ ਕਿ ਗੁਜਰਾਤ ਦੇ ਪ੍ਰਮੁੱਖ ਨੇਤਾ ਮੇਵਾਨੀ ਨੂੰ ਆਈ. ਪੀ. ਸੀ. ਧੀ ਧਾਰਾ-152ਏ ਤਹਿਤ ਸ਼ਿਕਾਇਤ ਦਰਜ ਹੋਣ ਦੇ ਤੁਰੰਤ ਬਾਅਦ ਗ੍ਰਿਫਤਾਰ ਕੀਤਾ ਗਿਆ, ਜੋ ਭਾਈਚਾਰਿਆਂ ਦਰਮਿਆਨ ਦੁਸ਼ਮਣੀ ਨੂੰ ਉਤਸ਼ਾਹ ਦੇਣ ਨਾਲ ਸੰਬੰਧਤ ਅਪਰਾਧਾਂ ਨਾਲ ਜੁੜੀ ਹੋਈ ਹੈ। ਇਹ ਸ਼ਿਕਾਇਤ ਆਸਾਮ ਦੇ ਕੋਕਰਾਝਾਰ ਥਾਣੇ ਵਿਚ ਦਰਜ ਕਰਵਾਈ ਗਈ ਸੀ।
ਮੇਵਾਨੀ ਦੀ ਗ੍ਰਿਫਤਾਰੀ ’ਤੇ ਕਾਂਗਰਸ ਦਾ ਦੋਸ਼ : ‘ਸ਼ਹਿਨਸ਼ਾਹ ਘਬਰਾ ਗਏ ਹਨ’
ਕਾਂਗਰਸ ਨੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਦੀ ਆਸਾਮ ਪੁਲਸ ਵਲੋਂ ਕੀਤੀ ਗਈ ਗ੍ਰਿਫਤਾਰੀ ਨੂੰ ‘ਗ਼ੈਰ-ਲੋਕਤੰਤਰਿਕ ਅਤੇ ਸੰਵਿਧਾਨਕ’ ਕਰਾਰ ਦਿੰਦੇ ਹੋਏ ਵੀਰਵਾਰ ਨੂੰ ਦੋਸ਼ ਲਾਇਆ ਕਿ ਇਸ ਘਟਨਾ ਚੱਕਰ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਹਿਨਸ਼ਾਹ ਘਬਰਾ ਗਏ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮੋਦੀ ਜੀ ਖੁਦ ਵਿਰੋਧ ਦੇ ਸੁਰ ਨੂੰ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਕੇ ਕੁਚਲਣ ਦਾ ਯਤਨ ਕਰ ਸਕਦੇ ਹਨ ਪਰ ਸੱਚ ਨੂੰ ਕਦੇ ਕੈਦ ਨਹੀਂ ਕਰ ਸਕਦੇ ਹਨ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਹਿਨਸ਼ਾਹ ਘਬਰਾ ਗਏ ਹਨ।