ਕਿਸ ਦੇ ਹੱਥ ਆਵੇਗੀ ਕਾਂਗਰਸ ਦੀ ਕਮਾਨ? ਸੋਮਵਾਰ ਨੂੰ ਹੋ ਸਕਦੈ ਫੈਸਲਾ

Sunday, Aug 23, 2020 - 08:28 AM (IST)

ਕਿਸ ਦੇ ਹੱਥ ਆਵੇਗੀ ਕਾਂਗਰਸ ਦੀ ਕਮਾਨ? ਸੋਮਵਾਰ ਨੂੰ ਹੋ ਸਕਦੈ ਫੈਸਲਾ

ਨਵੀਂ ਦਿੱਲੀ : ਕਾਂਗਰਸ ਦੀ ਲੀਡਰਸ਼ਿਪ ਦੇ ਮੁੱਦੇ 'ਤੇ ਚੱਲ ਰਹੀ ਚਰਚਾ ਵਿਚਕਾਰ ਪਾਰਟੀ ਦੀ ਸਰਵਉੱਚ ਨੀਤੀ ਨਿਰਮਾਣ ਇਕਾਈ ਦੀ ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਯੂ. ਸੀ.) ਦੀ ਬੈਠਕ ਸੋਮਵਾਰ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਸ਼ਾਇਦ ਇਸ ਗੱਲ ਦਾ ਫੈਸਲਾ ਹੋ ਸਕੇ ਕਿ ਕਾਂਗਰਸ ਦੀ ਕਮਾਨ ਕਿਸ ਦੇ ਹੱਥ ਆਵੇਗੀ। ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਮੁਤਾਬਕ ਸੀ. ਡਬਲਿਯੂ. ਸੀ. ਦੀ ਬੈਠਕ ਸੋਮਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ।

ਸੂਤਰਾਂ ਦਾ ਕਹਿਣਾ ਹੈ ਕਿ ਇਸ ਬੈਠਕ ਵਿਚ ਮੌਜੂਦਾ ਰਾਜਨੀਤਕ ਮੁੱਦਿਆਂ, ਅਰਥ ਵਿਵਸਥਾ ਦੀ ਸਥਿਤੀ ਅਤੇ ਕੋਰੋਨਾ ਵਾਇਰਸ ਸੰਕਟ ਸਣੇ ਕਈ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਉਂਝ ਇਹ ਬੈਠਕ ਉਸ ਸਮੇਂ ਹੋ ਰਹੀ ਹੈ ਜਦ ਅੰਤਰਿਮ ਪ੍ਰਧਾਨ ਦੇ ਤੌਰ 'ਤੇ ਮੈਡਮ ਸੋਨੀਆ ਗਾਂਧੀ ਇਕ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ। ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਨੂੰ ਅੰਤਰਿਮ ਪ੍ਰਧਾਨ ਚੁਣਿਆ ਗਿਆ ਸੀ। 

ਪਿਛਲੇ ਕੁਝ ਹਫਤਿਆਂ ਦੌਰਾਨ ਕਾਂਗਰਸ ਦੇ ਕਈ ਨੇਤਾ ਖੁੱਲ੍ਹ ਕੇ ਇਹ ਮੰਗ ਕਰ ਚੁੱਕੇ ਹਨ ਕਿ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਕਾਂਗਰਸ ਦੀ ਕਮਾਨ ਸੌਂਪੀ ਜਾਵੇ। ਹਾਲ ਹੀ ਵਿਚ, ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਸੀ ਕਿ 100 ਫੀਸਦੀ ਕਾਂਗਰਸੀ ਵਰਕਰਾਂ ਦੀ ਇੱਛਾ ਹੈ ਕਿ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ। ਹਾਲਾਂਕਿ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਕਹਿਣਾ ਹੈ ਕਿ ਕਾਂਗਰਸ ਦਾ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰ ਹੋਣਾ ਚਾਹੀਦਾ ਹੈ। ਫਿਲਹਾਲ ਇਸ ਸਮੇਂ ਕਾਂਗਰਸ ਵਿਚ ਕਾਫੀ ਹਫੜਾ-ਦਫੜੀ ਹੈ ਕਿਉਂਕਿ ਸਿਰਫ ਰਣਦੀਪ ਸੁਰਜੇਵਾਲਾ ਹੀ ਨਹੀਂ, ਸ਼ਸ਼ੀ ਥਰੂਰ ਸਣੇ ਕਈ ਨੇਤਾਵਾਂ ਨੇ ਇਸ ਮੁੱਦੇ 'ਤੇ ਮੀਡੀਆ ਵਿਚ ਬਿਆਨ ਦਿੱਤੇ ਹਨ।


author

Lalita Mam

Content Editor

Related News