ਕਿਸਾਨ ਅੰਦੋਲਨ: ਕਾਂਗਰਸ ਦਾ ਹੱਲਾ ਬੋਲ, ਹਿਰਾਸਤ ’ਚ ਲਈ ਗਈ ਪ੍ਰਿਯੰਕਾ ਗਾਂਧੀ ਸਮੇਤ ਕਾਂਗਰਸੀ ਨੇਤਾ ਰਿਹਾਅ
Thursday, Dec 24, 2020 - 01:04 PM (IST)
ਨਵੀਂ ਦਿੱਲੀ– ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੀ ਕਾਂਗਰਸ ਦੀ ਰਾਸ਼ਟਰੀ ਸੈਕਟਰੀ ਜਨਰਲ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਹੋਰ ਕਈ ਕਾਂਗਰਸੀ ਨੇਤਾਵਾਂ ਨੂੰ ਵੀਰਵਾਰ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਸੀ, ਹਾਲਾਂਕਿ ਬਾਅਦ ’ਚ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਦਰਅਸਲ, ਕਾਂਗਰਸੀ ਨੇਤਾ ਕਿਸਾਨਾਂ ਦੇ ਸਮਰਥਨ ’ਚ ਮਾਰਚ ਕੱਢਣਾ ਚਾਹੁੰਦੇ ਸਨ ਜਿਸ ਦੀ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ। ਨਵੀਂ ਦਿੱਲੀ ’ਚ ਧਾਰਾ 144 ਲੱਗੀ ਹੋਈ ਹੈ ਅਤੇ ਮਾਰਚ ਕੱਢਣ ਦੀ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਪ੍ਰਿਯੰਕਾ ਗਾਂਧੀ ਸਮੇਤ ਕਈ ਕਾਂਗਰਸੀ ਨੇਤਾ ਰਾਸ਼ਟਰੀ ਭਵਨ ਵਲ ਰਵਾਨਾ ਹੋਣ ਦੀ ਜ਼ਿੱਦ ਕਰ ਰਹੇ ਸਨ ਜਿਸ ਦੇ ਚਸਦੇ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਸੀ। ਹਿਰਾਸਤ ’ਚੋਂ ਛੁੱਟਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਨੇਤਾ ਸੜਕ ’ਤੇ ਹੀ ਧਰਨੇ ਤੇ ਬੈਠ ਗਏ।
ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਮੋਦੀ ਸਰਕਾਰ ਦਿਲ ਤੋਂ ਕਿਸਾਨਾਂ ਦੀ ਇੱਜਤ ਨਹੀਂ ਕਰਦੀ ਨਾਲ ਹੀ ਪ੍ਰਿਯੰਕਾ ਨੇ ਕਿਹਾ ਕਿ ਜਦੋਂ ਵੀ ਕੋਈ ਸਰਕਾਰ ਨੂੰ ਸਵਾਲ ਕਰਦਾ ਹੈ, ਉਸ ਨੂੰ ਦੇਸ਼ਦ੍ਰੋਹੀ ਦੱਸ ਦਿੱਤਾ ਜਾਂਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦੇ ਸੀਨੀਅਰ ਨੇਤਾ ਗੁਲਾਬ ਨਬੀ ਆਜ਼ਾਦ ਅਤੇ ਅਧੀਰ ਰੰਜਨ ਨਾਲ ਰਾਸ਼ਟਪਤੀ ਨੂੰ ਮਿਲਣ ਪਹੁੰਚੇ ਅਤੇ ਉਨ੍ਹਾਂ ਨੂੰ ਪੱਤਰ ਸੌਂਪ ਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਦੱਸ ਦੇਈਏ ਕਿ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ’ਤੇ ਧਰਨੇ ’ਤੇ ਬੈਠੇ ਹੋਏ ਹਨ। ਕਿਸਾਨ ਕੇਂਦਰ ਤੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ’ਤੇ ਅੜੇ ਹੋਏ ਹਨ। ਉਥੇ ਹੀ ਸਰਕਾਰ ਕਿਸਾਨਾਂ ਨੂੰ ਕਈ ਵਾਰ ਕਹਿ ਚੁੱਕੀ ਹੈ ਕਿ ਇਸ ਕਾਨੂੰਨ ਨਾਲ ਉਨ੍ਹਾਂ ਨੂੰ ਲਾਭ ਹੀ ਹੋਵੇਗਾ ਅਤੇ ਵਿਰੋਧੀ ਇਸ ਮਾਮਲੇ ’ਚ ਸਿਰਫ ਰਾਜਨੀਤੀ ਕਰ ਰਹੇ ਹਨ।